ਅੰਮ੍ਰਿਤਸਰ, 30 ਅਪ੍ਰੈਲ 2021 – ਕੋਟਕਪੂਰਾ ਗੋਲ਼ੀਕਾਂਡ ਸਬੰਧੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਸੌਂਪੀ ਗਈ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਵੱਲੋਂ ਹਾਈ ਕੋਰਟ ਦੇ ਇਸ ਫੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ।
ਸਿੱਖ ਯੂਥ ਨੇ ਦਲ ਖਾਲਸਾ ਦਫਤਰ ਨੇੜੇ ਇਕੱਠੇ ਹੋਕੇ ਫੈਸਲੇ ਦੀ ਨਿੰਦਾ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਇਹ ਸੰਦੇਸ਼ ਪਹੁੰਚਾਉਣ ਲਈ ਤਖ਼ਤੀਆਂ ਫੜੀਆਂ ਹੋਈਆਂ ਸਨ ਕਿ: ਨਿਆਂਪਾਲਿਕਾ ਪੱਖਪਾਤੀ ਹੈ ਅਤੇ ਸਰਕਾਰ ਸਿੱਖੀ ਨਾਲ ਜੁੜੇ ਮਾਮਲਿਆਂ ਵਿਚ ਨਿਆਂ ਦਿਵਾਉਣ ਲਈ ਅਯੋਗ ਅਤੇ ਗੈਰ ਗੰਭੀਰ ਹੈ।
ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਨੂੰ ਅਗਨ ਭੇਟ ਕਰਦਿਆਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਕੋਰਟ ਦਾ ਇਹ ਫ਼ੈਸਲਾ ਰਾਜਨੀਤਕ ਦਬਾਅ ਹੇਠ ਲਿਆ ਗਿਆ ਹੈ ਅਤੇ ਸਿੱਖ ਕੌਮ ਇਸ ਫੈਸਲੇ ਨੂੰ ਕਦੀ ਵੀ ਪ੍ਰਵਾਨ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਪਹਿਲਾਂ ਵੀ ਅਦਾਲਤਾਂ ਤੋਂ ਕੋਈ ਇਨਸਾਫ਼ ਨਹੀਂ ਮਿਲਿਆ ਅਤੇ ਇਸ ਵਾਰ ਵੀ ਇਨਸਾਫ਼ ਦੀ ਕੋਈ ਆਸ ਨਹੀਂ ਸੀ ਪਰ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਐਸਆਈਟੀ ਦੀ ਪੜਤਾਲ ਨੇ ਕੌਮ ਅਤੇ ਪੀੜਤ ਪਰਿਵਾਰਾਂ ਅੰਦਰ ਇਨਸਾਫ ਮਿਲਣ ਦੀ ਇੱਕ ਆਸ ਜ਼ਰੂਰ ਜਗਾਈ ਸੀ, ਪਰ ਕੋਰਟ ਨੇ ਐਸਆਈਟੀ ਦੀ ਰਿਪੋਰਟ ਨੂੰ ਰੱਦ ਕਰਕੇ ਨਾਂ ਸਿਰਫ਼ ਉਸ ਅਾਸ ਦਾ ਘਲਾ ਗੁੱਟਿਆ ਹੈ ਬਲਕਿ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤ ਅੰਦਰ ਸਿੱਖਾਂ ਲਈ ਕੋਈ ਇਨਸਾਫ ਨਹੀਂ ਹੈ।
ਨਵੀਂ ਐਸ.ਆਈ.ਟੀ ਦੇ ਗਠਨ ਬਾਰੇ ਪੰਜਾਬ ਸਰਕਾਰ ਦੇ ਮਤੇ ਬਾਰੇ, ਮੰਡ ਨੇ ਕਿਹਾ ਕਿ ਸਾਨੂੰ ਮੌਜੂਦਾ ਪੰਜਾਬ ਸਰਕਾਰ ਤੋਂ ਕਿਸੇ ਇਨਸਾਫ ਦੀ ਉਮੀਦ ਨਹੀਂ ਹੈ।
ਨੇਬਰਾਸਕਾ ਲਿੰਕਨ ਯੂਨੀਵਰਸਿਟੀ ਅਮਰੀਕਾ ਤੋੋੰ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਦਿਆਂ ਅਰਸ਼ਦੀਪ ਸਿੰਘ ਨੇ ਇੱਕ ਸੰਦੇਸ਼ ਰਾਹੀਂ ਕਿਹਾ ਕਿ ਜੇਕਰ ਅਦਾਲਤਾਂ ਦਾ ਏਹੀ ਵਰਤੀਰਾ ਜਾਰੀ ਰਿਹਾ ਤਾਂ ਮਜਬੂਰਨ ਸਿੱਖਾਂ ਨੂੰ ਦੂਜਿਆਂ ਉੱਪਰ ਆਸ ਰੱਖਣ ਦੀ ਬਜਾਇ, ਖ਼ੁਦ ਇਨਸਾਫ਼ ਕਰਨ ਵਾਲਾ ਵਤੀਰਾ ਅਪਣਾਉਣਾ ਪਵੇਗਾ। ਭਵਿੱਖ ਵਿੱਚ ਸਰਬੱਤ ਦੇ ਭਲੇ ਲਈ ਸਿੱਖ ਪੰਥ ਨੂੰ ਗੁਰੂ ਆਸਰੇ ਆਪਣੇ ਮੂਲ ਜਾਹੋ ਜਲਾਲ ਵਿਚ ਆਉਣਾ ਪਵੇਗਾ।
ਦਲ ਖਾਲਸਾ ਦੇ ਸਕੱਤਰ ਪਰਮਜੀਤ ਸਿੰਘ ਟਾਂਡਾ ਕੈਪਟਨ ਸਰਕਾਰ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕੌਮ ਨਾਲ ਕੀਤੇ ਵਾਅਦੇ ਕਿ “ਉਨ੍ਹਾਂ ਦੀ ਸਰਕਾਰ ਪਹਿਲ ਦੇ ਤੌਰ ‘ਤੇ ਦੋਸ਼ੀਆਂ ਨੂੰ ਜੇਲ ਵਿੱਚ ਬੰਦ ਕਰੇਗੀ” ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਅਸਫਲਤਾ ਲਈ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਜਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਅੈਡਵੋਕੇਟ ਜਨਰਲ ਦੀ ਕੁਸਰੀ ‘ਤੇ ਬੈਠੇ ਰਹਿਣ ਲਈ ਅਜੋਗ ਸਾਬਿਤ ਹੋਏ ਹਨ।
ਸਿੱਖ ਯੂਥ ਆਫ਼ ਪੰਜਾਬ ਦੇ ਸਕੱਤਰ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ 80 ਵਿਆਂ ਤੋਂ, ਭਾਰਤ ਦੀ ਨਿਆਂ ਪ੍ਰਣਾਲੀ ਸਿੱਖਾਂ ਨਾਲ ਅਨਿਆਂਪੂਰਨ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਥਕ ਅਤੇ ਕੁੱਝ ਰਾਜਨੀਤਿਕ ਧਿਰਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰਨ ਤੋਂ ਬਾਅਦ ਹਾਈ ਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਨੂੰ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਰੋਸ ਵਜੋਂ ਫੈਸਲੇ ਦੀਆਂ ਕਾਪੀਆਂ ਸਾੜਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਦਿਲਬਾਗ ਸਿੰਘ, ਜਸਵਿੰਦਰ ਸਿੰਘ ਕਾਹਨੂੰਵਾਨ, ਜਸਪ੍ਰੀਤ ਸਿੰਘ ਖੁੱਡਾ, ਸੁਖਜਿੰਦਰ ਸਿੰਘ ਟੇਰਕੇਆਣਾ, ਬਹਾਦਰ ਸਿੰਘ, ਸਨਦੀਪ ਸਿੰਘ ਗੁਰਾਇਆ, ਦਵਿੰਦਰ ਸਿੰਘ, ਡਾ. ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।