… ਭਾਜਪਾ ਦੇ ਆਗੂ ਕੇਵਲ ਸਿੰਘ ਬਰਾੜ ਅਤੇ ਏ.ਬੀ.ਵੀ.ਪੀ ਦੇ ਆਗੂ ਹਰਮਨਦੀਪ ਮੀਤਾ ਨੇ ਵੀ ਫੜਿਆ ਆਪ ਦਾ ਪੱਲਾ
… ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਗੂਆਂ ਦਾ ਰਸਮੀ ਤੌਰ ‘ਤੇ ਪਾਰਟੀ ਵਿੱਚ ਕੀਤਾ ਸਵਾਗਤ
… ਕੈਪਟਨ ਅਤੇ ਬਾਦਲ ਦੀਆਂ ਨਲਾਇਕੀਆਂ ਕਾਰਨ ਪੰਜਾਬ ਬਿਨ੍ਹਾਂ ਮਲਾਹ ਦੀ ਕਿਸਤੀ ਵਾਂਗ ਡਿਕਡੋਲੇ ਖਾ ਰਿਹਾ: ਭਗਵੰਤ ਮਾਨ
ਮੋਗਾ, 11 ਜੂਨ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਾਫਲੇ ਵਿੱਚ ਅੱਜ ਉਦੋਂ ਭਾਰੀ ਵਾਧਾ ਹੋਇਆ ਜਦੋਂ ਧਰਮਕੋਟ ਹਲਕੇ ਨਾਲ ਸੰਬੰਧਤ ਪੰਜਾਬ ਯੂਥ ਕਾਂਗਰਸ ਦੇ ਆਗੂ ਦਵਿੰਦਰਜੀਤ ਸਿੰਘ ‘ਲਾਡੀ ਢੋਸ’, ਭਾਜਪਾ ਦੇ ਆਗੂ ਕੇਵਲ ਸਿੰਘ ਬਰਾੜ ਅਤੇ ਏ.ਬੀ.ਵੀ.ਪੀ ਦੇ ਆਗੂ ਹਰਮਨਦੀਪ ਮੀਤਾ ਆਪ ਵਿੱਚ ਸਾਮਲ ਹੋ ਗਏ। ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨ੍ਹਾਂ ਆਗੂਆਂ ਦਾ ਰਸਮੀ ਤੌਰ ‘ਤੇ ਪਾਰਟੀ ਵਿੱਚ ਸਵਾਗਤ ਕੀਤਾ।
ਇਸ ਸਮੇਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਵਿੰਦਰਜੀਤ ਸਿੰਘ ‘ਲਾਡੀ ਢੋਸ’ ਦਾ ਸਵਾਗਤ ਕਰਦਿਆਂ ਕਿਹਾ ਕਿ ਦਵਿੰਦਰਜੀਤ ਸਿੰਘ ਇਲਾਕੇ ਦੀ ਜਾਣੀ ਪਛਾਣੀ ਸਖਸੀਅਤ ਹੈ, ਜਿਨ੍ਹਾਂ ਦੇ ਪਿਤਾ ਸਵਰਗੀ ਕੁਲਦੀਪ ਸਿੰਘ ਢੋਸ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਸਨ। ਉਨ੍ਹਾਂ ਕਿਹਾ ਰਾਜਨੀਤਿਕ ਖੇਤਰ ਵਿੱਚ ਵਿਚਰਦਿਆਂ ਦਵਿੰਦਰਜੀਤ ਸਿੰਘ ‘ਲਾਡੀ ਢੋਸ’ ਦੇ ਪਿਤਾ ਕੁਲਦੀਪ ਸਿੰਘ ਢੋਸ ਨੇ ਸਾਲ 2012 ਵਿੱਚ ਪੀ.ਪੀ.ਪੀ ਵੱਲੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ, ਜੋ ਇਲਾਕੇ ਦੇ ਸੈਂਕੜੇ ਸਾਥੀਆਂ, ਸਰਪੰਚਾਂ,ਪੰਚਾਂ ਅਤੇ ਮੋਹਤਬਰਾਂ ਨਾਲ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਹਨ।
ਮਾਨ ਨੇ ਦੱਸਿਆ ਕਿ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਐਜੂਕੇਸਨ ਸੈਲ ਦੇ ਕੋ ਕਨਵੀਨਰ ਕੇਵਲ ਸਿੰਘ ਬਰਾੜ ਅਤੇ ਭਾਜਪਾ ਦੇ ਸਟੂਡੈਂਟ ਵਿੰਗ ਏ.ਬੀ.ਵੀ.ਪੀ ਦੇ ਜਲ੍ਹਿਾ ਜਨਰਲ ਸਕੱਤਰ ਹਰਮਨਦੀਪ ਮੀਤਾ ਨੇ ਵੀ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਕੇ ਪੰਜਾਬ ਦੀ ਸੇਵਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿੱਚ ਸੱਤਾ ਪਰਿਵਰਤਨ ਕਰਨਾ ਚਾਹੁੰਦੇ ਹਨ ਅਤੇ 2022 ਵਿੱਚ ਹੋਣ ਵਾਲੀਆਂ ਚੋਣਾ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਜਰੂਰ ਦੇਣਗੇ।
ਇਸ ਸਮੇਂ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ ਸਿੰਘ ਬਾਦਲ ਦੀਆਂ ਨਲਾਇਕੀਆਂ ਕਾਰਨ ਅੱਜ ਪੰਜਾਬ ਬਿਨ੍ਹਾਂ ਮਲਾਹ ਦੀ ਕਿਸਤੀ ਵਾਂਗ ਡਿਕਡੋਲੇ ਖਾ ਰਿਹਾ ਹੈ। ਸੂਬੇ ਦੀ ਅਫਸਰਸਾਹੀ ਬੇਲਗਾਮ ਹੋ ਕੇ ਦਫਤਰਾਂ ਵਿੱਚ ਬੈਠੀ ਲੋਕਾਂ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਇਹ ਹੈ ਕਿ ਲੋਕ ਧਰਨਿਆਂ ‘ਤੇ ਬੈਠੇ ਹਨ ਅਤੇ ਕੈਪਟਨ ਮਹੱਲਾਂ ਵਿੱਚ ਮਸਤ ਹੈ। ਮੁੱਖ ਮੰਤਰੀ ਨੂੰ ਸੜਕਾਂ ‘ਤੇ ਰੁਲ ਰਹੇ ਕਿਸਾਨ, ਮਜਦੂਰ, ਬੇਰੁਜਗਾਰ ਨੌਜਵਾਨ, ਸਫਾਈ ਕਰਮਚਾਰੀ ਤੇ ਮੁਲਾਜਮ ਦਿਖਾਈ ਨਹੀਂ ਦਿੰਦੇ। ਮਾਨ ਨੇ ਕਿਹਾ ਕਿ ਬਾਦਲਾਂ ਦੇ ਰਾਜ ਦੀ ਤਰ੍ਹਾਂ ਅੱਜ ਵੀ ਚਿੱਟੇ ਦੇ ਵਪਾਰੀਆਂ ਅਤੇ ਮਾਫੀਆ ਰਾਜ ਦੇ ਹੌਂਸਲੇ ਬੁਲੰਦ ਹਨ ਅਤੇ ਸੂਬੇ ‘ਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਬਣ ਗਈ ਹੈ।
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸੀਆ ਵੱਲੋਂ ਫੈਲਾਏ ਭ੍ਰਿਸਟਾਚਾਰ ਦੀਆਂ ਫਾਇਲਾਂ ਕਾਂਗਰਸ ਹਾਈਕਮਾਂਡ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਕਿ ਪੰਜਾਬ ਦੀ 50 ਫੀਸਦੀ ਸਰਕਾਰ ਭ੍ਰਿਸਟ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਭ੍ਰਿਸਟ ਕਾਂਗਰਸੀਆਂ ਦੀਆਂ ਫਾਇਲਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਡਰਾਉਣ ਲਈ ਹੀ ਨਾ ਵਰਤਣ ਸਗੋਂ ਇਨਾਂ ਵਿੱਚਲੇ ਨਾਂਵਾਂ ਨੂੰ ਲੋਕ ਅੱਗੇ ਪੇਸ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਭ੍ਰਿਸਟਾਚਾਰੀਆਂ ਬਾਰੇ ਗਿਆਨ ਹੋ ਜਾਵੇ।
ਇਸ ਮੌਕੇ ਆਪ ਦੇ ਬੀ.ਸੀ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਜਲਾਲਾਬਾਦ ਦੇ ਹਲਕਾ ਗੋਲਡੀ ਕੰਬੋਜ, ਜਲ੍ਹਿਾ ਪ੍ਰਧਾਨ ਹਰਮਨਜੀਤ ਸਿੰਘ, ਮੋਗਾ ਤੋਂ ਹਲਕਾ ਇੰਚਾਰਜ ਨਵਦੀਪ ਸੰਘਾ, ਬਾਘਾ ਪੁਰਾਣਾ ਦੇ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ, ਟਰੇਡ ਵਿੰਗ ਦੇ ਸੰਯੁਕਤ ਸਕੱਤਰ ਸੰਜੀਵ ਕੋਛੜ, ਸਾਬਕਾ ਜਲ੍ਹਿਾ ਪ੍ਰਧਾਨ ਨਸੀਬ ਸਿੰਘ ਬਾਵਾ ਸਮੇਤ ਸੀਨੀਅਰ ਆਗੂ ਹਾਜਰ ਸਨ।