- 37 ਸਾਲਾਂ ਵਿੱਚ 1984 ਸਿੱਖ ਕਤਲੇਆਮ ਮਾਮਲੇ ਵਿਚ ਅਮਿਤਾਭ ਬੱਚਨ ਖਿਲਾਫ ਆਪਣਾ ਇਕ ਵੀ ਬਿਆਨ ਸੰਗਤ ਸਾਹਮਣੇ ਰੱਖੋ
- ਕਿਹਾ ਕਿ ਈਰਖਾ ਭਾਵਨਾ ਨਾਲ ਘਟੀਆ ਰਾਜਨੀਤੀ ‘ਤੇ ਉਤਰੇ ਦੋਵੇਂ ਆਗੂ
- ਕਿਹਾ ਕਿ ਕਮੇਟੀ ਮਨੁੱਖਤਾ ਦੀ ਸੇਵਾ ਹੋਰ ਵੱਧ ਚੜ ਕੇ ਕਰੇਗੀ
- ਕਮੇਟੀ ਅਹੁਦੇਦਾਰਾਂ ਬਾਰੇ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾਂ ਫੇਰਨ ਮਨਜੀਤ ਜੀ ਕੇ
ਨਵੀਂ ਦਿੱਲੀ, 15 ਮਈ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ ਤੇ ਮਨਜੀਤ ਸਿੰਘ ਔਲਖ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ ਵੱਲੋਂ ਅਮਿਤਾਭ ਬੱਚਨ ਵੱਲੋਂ ਕਮੇਟੀ ਨੂੰ ਦਿੱਤੇ 2 ਕਰੋੜ ਰੁਪਏ ਦੇ ਮਾਮਲੇ ‘ਤੇ ਘਟੀਆ ਰਾਜਨੀਤੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਦੋਵਾਂ ਆਗੂਆਂ ਨੁੰ ਚੁਣੌਤੀ ਦਿੱਤੀ ਹੈ ਕਿ ਉਹ ਪਿਛਲੇ 37 ਸਾਲਾਂ ਦੌਰਾਨ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਅਮਿਤਾਭ ਬੱਚਨ ਬਾਰੇ ਦਿੱਤਾ ਗਿਆ ਇਕ ਵੀ ਬਿਆਨ ਸੰਗਤ ਸਾਹਮਣੇ ਰੱਖਣ।
ਇਥੇ ਜਾਰੀ ਕੀਤੇ ਬਿਆਨ ਵਿਚ ਇਹਨਾਂ ਮੈਂਬਰਾਂ ਨੇ ਕਿਹਾ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨਾਲ ਨੇੜਤਾ ਰੱਖਣ ਵਾਲੇ ਮਨਜੀਤ ਸਿੰਘ ਜੀ ਕੇ ਤੇ ਕਾਂਗਰਸ ਪਾਰਟੀ ਦੇ ਹਮੇਸ਼ਾ ਝੋਲੀ ਝੁੱਕ ਰਹੇ ਪਰਮਜੀਤ ਸਿੰਘ ਸਰਨਾ ਅੱਜ ਅਕਾਲੀ ਦਲ ਨੂੰ ਅਮਿਤਾਭ ਬੱਚਨ ਦੇ ਮਾਮਲੇ ‘ਤੇ ਸਿੱਖਿਆਵਾਂ ਦੇ ਰਹੇ ਹਨ। ਉਹਨਾਂ ਪੁੱਛਿਆ ਕਿ ਜੋ ਅੱਜ ਇਹ ਆਗੂ ਬਿਆਨਬਾਜ਼ੀ ਕਰ ਰਹੇ ਹਨ, ਉਹ ਪਿਛਲੇ 37 ਸਾਲਾਂ ਦੌਰਾਨ ਅਮਿਤਾਭ ਬੱਚਨ ਖਿਲਾਫ ਕਿਉਂ ਨਹੀਂ ਕੀਤੀ ? ਉਹਨਾਂ ਕਿਹਾ ਕਿ ਇਹ ਦੋਵੇਂ ਆਗੂ ਕਾਂਗਰਸ ਦੇ ਝੋਲੀ ਚੁੱਕ ਹਨ ਸਿਰਫ ਸਿਆਸੀ ਲਾਭ ਲੈਣ ਵਾਸਤੇ ਬਿਆਨਬਾਜ਼ੀ ਕਰਦੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਲੋਕ ਈਰਖਾ ਤੇ ਦਵੈਸ਼ ਭਾਵਨਾ ਨਾਲ ਭਰੇ ਹੋਏ ਹਨ ਜੋ ਘਟੀਆ ਰਾਜਨੀਤੀ ‘ਤੇ ਉਤਰ ਆਏ ਹਨ।
ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਅਜਿਹਾ ਨਾ ਕਦੇ ਕਿਸੇ ਨੇ ਸੁਣਿਆ ਹੈ ਤੇ ਨਾ ਕੀਤਾ ਹੈ ਕਿ ਸੰਗਤ ਵੱਲੋਂ ਗੁਰੂ ਘਰ ਨੁੰ ਦਿੱਤਾ ਪੈਸਾ ਕਿਸੇ ਵਿਅਕਤੀ ਨੂੰ ਵਾਪਸ ਕੀਤਾ ਹੋਵੇ ਪਰ ਮਨਜੀਤ ਸਿੰਘ ਜੀ ਕੇ ਨੇ ਸਾਰੀ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਅਜਿਹੀ ਬਿਆਨਬਾਜ਼ੀ ਕਰ ਦਿੱਤੀ ਹੈ ਜਿਸਨੇ ਹਰ ਗੁਰਸਿੱਖ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਜੀ ਕੇ ਵੱਲੋਂ ਗੁਰੂ ਘਰ ਤੇ ਗੁਰੂ ਮਰਿਆਦਾ ਦੇ ਖਿਲਾਫ ਬਿਆਨਬਾਜ਼ੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਗੁਰੂ ਘਰਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਜੀ ਕੇ ਤੇ ਸਰਨਾ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
ਇਹਨਾਂ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਮਨਜੀਤ ਸਿੰਘ ਜੀ ਕੇ ਹੋਣ ਜਾਂ ਪਰਮਜੀਤ ਸਿੰਘ ਸਰਨਾ ਜਾਂ ਕੋਈ ਹੋਰ, ਦਿੱਲੀ ਕਮੇਟੀ ਕਿਸੇ ਵੀ ਦੂਸ਼ਣਬਾਜ਼ੀ ਦੀ ਪਰਵਾਹ ਨਹੀਂ ਕਰੇਗੀ ਤੇ ਮਨੁੱਖਤਾ ਦੀ ਸੇਵਾ ਹੋਰ ਵੱਧ ਚੜ ਕੇ ਕਰੇਗੀ।