ਨਵੀਂ ਦਿੱਲੀ, 23 ਫਰਵਰੀ 2021 – ਕਿਸਾਨ ਪਛਿਲੇ ਕਰੀਬ 3 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਹਨ, ਅਜਿਹੇ ‘ਚ ਪੁਲਿਸ ਵੱਲੋਂ ਟਿਕਰੀ ਬਾਰਡਰ ‘ਤੇ ਪੁਲਿਸ ਵੱਲੋਂ ਨੋਟਿਸ ਲਾਏ ਗਏ ਹਨ ਕਿ ਬਾਰਡਰ ਨੂੰ ਖਾਲ਼ੀ ਕੀਤਾ ਜਾਵੇ। ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਕੋਈ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਅਤੇ ਕਿਸਾਨ ਜਿਉਂ ਦੀ ਤਿਉਂ ਹੀ ਬਾਰਡਰ ‘ਤੇ ਬੈਠ ਕੇ ਆਪਣਾ ਧਰਨਾ ਦੇ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਪੋਸਟਰਾਂ ਵਿੱਚ ਦਿੱਤੀ ਚੇਤਾਵਨੀ ਦੀ ਅਤੇ ਪੁਲਿਸ ਦੀ ਇਸ ਕਾਰਵਾਈ ਦੀ ਤਿੱਖੀ ਅਲੋਚਨਾ ਕੀਤੀ ਹੈ। ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਅਜਿਹੇ ਨੋਟਿਸਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਕਿਸਾਨ ਸ਼ਾਂਤੀਮਈ ਤਰੀਕੇ ਨਾਲ ਆਪਣੇ ਲੋਕਤੰਤਰੀ ਹੱਕ ਅਨੁਸਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਕਿਸਾਨ ਮੋਰਚੇ ਨੇ ਅੱਗੇ ਕਿਹਾ ਕਿ ਅਸੀਂ ਪੁਲਿਸ ਦੇ ਇਸ ਕਦਮ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕਰਦੇ ਹਾਂ। ਅਜਿਹੀਆਂ ਧਮਕੀਆਂ ਅਤੇ ਚੇਤਾਵਨੀਆਂ ਦਾ ਸਖਤ ਵਿਰੋਧ ਕੀਤਾ ਜਾਵੇਗਾ ਜਿਨ੍ਹਾਂ ਨਾਲ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।