ਚੰਡੀਗੜ੍ਹ, 4 ਜੁਲਾਈ 2025 – ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਦੀ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨਾਲ ਫਿਲਮ ‘ਸਰਦਾਰ ਜੀ 3’ ਵਿੱਚ ਹੋਈ ਸਾਂਝੇਦਾਰੀ ਨੇ ਵਿਵਾਦ ਖੜਾ ਕਰ ਦਿੱਤਾ ਸੀ। ਇਸ ਦੇ ਚਲਦੇ ‘ਬਾਰਡਰ 2’ ਵਿੱਚ ਉਨ੍ਹਾਂ ਦੀ ਭੂਮਿਕਾ ਵੀ ਸੰਕਟ ‘ਚ ਪੈ ਗਈ ਸੀ। ਪਰ ਹੁਣ ਨਿਰਮਾਤਾ ਭੂਸ਼ਣ ਕੁਮਾਰ ਦੀ ਦਖਲਅੰਦਾਜੀ ਕਾਰਨ FWICE (ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੌਇਜ਼) ਨੇ ਦਿਲਜੀਤ ‘ਤੇ ਲਗਾਈ ਪਾਬੰਦੀ ਹਟਾ ਲਈ ਹੈ।
FWICE ਦੇ ਪ੍ਰਧਾਨ ਬੀ.ਐੱਨ. ਤਿਵਾਰੀ ਨੇ ਪੁਸ਼ਟੀ ਕੀਤੀ ਕਿ ਦਿਲਜੀਤ ਦੋਸਾਂਝ ‘ਤੇ ਲਾਗੂ ਪਾਬੰਦੀ ਨੂੰ ‘ਬਾਰਡਰ 2’ ਲਈ ਹਟਾ ਲਿਆ ਗਿਆ ਹੈ। ਉਨ੍ਹਾਂ ਕਿਹਾ, “ਹਾਂ, ਇਸ ਪ੍ਰੋਜੈਕਟ ਲਈ ਪਾਬੰਦੀ ਹਟਾ ਲਈ ਗਈ ਹੈ।” ਉਨ੍ਹਾਂ ਦੱਸਿਆ ਕਿ ਨਿਰਮਾਤਾ ਭੂਸ਼ਣ ਕੁਮਾਰ ਨੇ ਵਿਅਕਤੀਗਤ ਤੌਰ ‘ਤੇ ਸੰਸਥਾ ਨਾਲ ਸੰਪਰਕ ਕਰਕੇ ਦਿਲਜੀਤ ਨੂੰ ਫਿਲਮ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।
ਹਾਲਾਂਕਿ, FWICE ਨਾਲ ਜੁੜੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਫੈਸਲੇ ਨਾਲ ਸਹਿਮਤ ਨਾ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ, “ਅਸੀਂ ਦਿਲਜੀਤ ਦੇ ਖਿਲਾਫ ਅਸਹਿਯੋਗ ਅਭਿਆਨ ਜਾਰੀ ਰੱਖਾਂਗੇ। ਜੇਕਰ ਕੋਈ ਹੋਰ ਉਨ੍ਹਾਂ ਨੂੰ ਆਪਣੇ ਪ੍ਰੋਜੈਕਟ ‘ਚ ਲੈਂਦਾ ਹੈ, ਤਾਂ ਉਹ ਨਤੀਜਿਆਂ ਲਈ ਤਿਆਰ ਰਹੇ। ਫੈਡਰੇਸ਼ਨ ਕਿਸੇ ਆਰਥਿਕ ਨੁਕਸਾਨ ਦੀ ਜ਼ਿੰਮੇਵਾਰੀ ਨਹੀਂ ਲਵੇਗੀ।”

