- 10 ਮਈ ਤੋਂ ਸ਼ੁਰੂ ਹੋਵੇਗਾ ਸੈਂਟਰ
- ਅਮਿਤਾਭ ਬੱਚਨ ਨੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਵਾਸਤੇ 2 ਕਰੋੜ ਰੁਪਏ ਯੋਗਦਾਨ ਪਾਇਆ
- ਸੈਂਟਰ 400 ਬੈਡਾਂ ਵਾਲੀ ਸਹੂਲਤ ਹੋਵੇਗਾ : ਸਿਰਸਾ, ਕਾਲਕਾ
ਨਵੀਂ ਦਿੱਲੀ, 9 ਮਈ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਿਤ ਕੀਤੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਤੋਂ ਪਹਿਲਾਂ ਪਰਖ (ਡ੍ਰਾਈ ਰਨ) ਕੀਤੀ ਗਈ ਤੇ ਐਲਾਨ ਕੀਤਾ ਕਿ 400 ਬੈਡਾਂ ਵਾਲਾ ਇਹ ਸੈਂਟਰ ਕੱਲ 10 ਮਈ ਤੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 300 ਬੈਡ ਕੱਲ ਤੋਂ ਉਪਲਬਧ ਹੋਣਗੇ ਜਦਕਿ 100 ਬੈਡ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਇਹ ਕੇਂਦਰ 250 ਬੈਡਾਂ ਦਾ ਬਣਾਉਣ ਦਾ ਵਿਚਾਰ ਕੀਤਾ ਸੀ ਪਰ ਦਿੱਲੀ ਸਰਕਾਰ ਨੇ ਇਸਨੂੰ ਵਧਾ ਕੇ 400 ਬੈਡਾਂ ਦਾ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਥੇ ਮਰੀਜ਼ਾਂ ਨੂੰ ਆਕਸੀਜ਼ਨ ਤੋਂ ਇਲਾਵਾ ਦਵਾਈਆਂ ਤੇ ਖਾਣਾ ਮਿਲੇਗਾ ਜੋ ਸਭ ਮੁਫਤ ਹੋਵੇਗਾ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਥੇ ਡਾਕਟਰ, ਨਰਸਾਂ ਤੇ ਹੋਰ ਸਟਾਫ ਤਾਇਨਾਤ ਕੀਤਾ ਹੈ ਅਤੇ ਇਸ ਸੈਂਟਰ ਨੁੰ ਐਲ ਐਨ ਜੇ ਪੀ ਹਸਪਤਾਲ ਨਾਲ ਜੋੜਿਆ ਹੈ ਤਾਂ ਜੋ ਲੋੜ ਪੈਣ ‘ਤੇ ਮਰੀਜ਼ ਨੂੰ ਆਈ ਸੀ ਯੂ ਇਲਾਜ ਦੀ ਸਹੂਲਤ ਮਿਲ ਸਕੇ।
ਦੋਹਾਂ ਆਗੂਆਂ ਨੇ ਦੱਸਿਆ ਕਿ ਦਿੱਲੀ ਕਮੇਟੀ ਨੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੇ ਰਹਿਣ ਲਈ ਵਿਆਪਕ ਪ੍ਰਬੰਧ ਕੀਤੇ ਹਨ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਸਿਰਸਾ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਸਥਾਨਕ ਡੀ ਐਮ ਨੂੰ ਇਸ ਸੈਂਟਰ ਦਾ ਨੋਡਲ ਅਫਸਰ ਬਣਾਇਆ ਹੈ ਜਦਕਿ ਕਮੇਟੀ ਵੱਲੋਂ ਇਸਦੇ ਜਨਰਲ ਸਕੱਤਰ ਸ੍ਰੀ ਕਾਲਕਾ ਨੋਡਲ ਅਫਸਰ ਹੋਣਗੇ।

ਉਹਨਾਂ ਨੇ ਬਾਲੀਵੁਡ ਦੇ ਥੰਮ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਸੈਂਟਰ ਲਈ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ ਤੇ ਕਿਹਾ ਹੈ ਕਿ ਸਿੱਖ ਮਹਾਨ ਹਨ, ਉਹ ਉਹਨਾਂ ਨੂੰ ਸਲਾਮ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਸਰਦਾਰ ਵਿਕਰਮ ਸਿੰਘ ਸਾਹਨੀ ਨੇ 200 ਆਕਸੀਜ਼ਨ ਕੰਸੈਂਟ੍ਰੇਟਰ ਦਿੱਤੇ ਹਨ ਜਦਕਿ ਇਸੇ ਤਰੀਕੇ ਕਈ ਲੋਕਾਂ ਨੇ ਅੱਗੇ ਆ ਕੇ ਵੱਖ ਵੱਖ ਸੇਵਾਵਾਂ ਦੀ ਜ਼ਿੰਮੇਵਾਰੀ ਲਈ ਹੈ।
ਉਹਨਾਂ ਦੱਸਿਆ ਕਿ ਇਹ ਸੈਂਟਰ 10 ਦਿਨਾਂ ਦੇ ਛੋਟੇ ਜਿਹੇ ਅਰਸੇ ਵਿਚ ਤਿਆਰ ਕੀਤਾ ਗਿਆ ਹੈ ਤੇ ਦਿੱਲੀ ਕਮੇਟੀ ਇਸ ਸੈਂਟਰ ਨੁੰ ਸ਼ੁਰੂ ਕਰਨ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਥਾਵਾਂ ‘ਤੇ ਵੀ ਅਜਿਹੀਆਂ ਸਹੂਲਤਾਂ ਬਣਾਏਗੀ।
