- ਫਰਾਂਸ ਸਰਕਾਰ ਤੇ ਦੁਨੀਆਂ ਭਰ ਤੋਂ ਐਨ ਆਰ ਆਈਜ਼ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਮਦਦ ਵਾਸਤੇ ਹੱਥ ਵਧਾਇਆ
ਨਵੀਂ ਦਿੱਲੀ, 1 ਜੂਨ 2021 – ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਮਰੀਜ਼ਾਂ ਵਾਸਤੇ ਇਕ ਹੋਰ 125 ਬੈਡਾਂ ਦਾ ਵਿਸ਼ਵ ਪੱਧਰੀ ਹਸਪਤਾਲ ਖੋਲੱਣ ਦੀ ਤਿਆਰੀ ਖਿੱਚ ਲਈ ਹੈ।
100 ਬੈਡਾਂ ਦਾ ਮੁਫਤ ਡਾਇਲਸਿਸ ਹਸਪਤਾਲ, ਸਭ ਤੋਂ ਸਸਤੀ ਐਮ ਆਰ ਆਈ ਤੇ ਸੀਟੀ ਸਕੈਨ ਵਾਲੇ ਡਾਇਗਨੋਸਟਿਕ ਸੈਂਟਰ, 90 ਫੀਸਦੀ ਤੱਕ ਸਸਤੀਆਂ ਦਵਾਈਆਂ ਵਾਲੇ ਬਾਲਾ ਪ੍ਰੀਤਮ ਦਵਾਖਾਨੇ, ਅਤੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਤੋਂ ਬਾਅਦ ਸਿਹਤ ਤੇ ਮੈਡੀਕਲ ਸੰਭਾਲ ਦੇ ਖੇਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ ਪੰਜਵਾਂ ਉਪਰਾਲਾ ਹੈ।
ਜਿਵੇਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸਿਰਫ 12 ਦਿਨਾਂ ਵਿਚ ਹੀ ਤਿਆਰ ਹੋ ਗਿਆ ਸੀ, ਇਸੇ ਤਰੀਕੇ ਇਹ ਹਸਪਤਾਲ 60 ਦਿਨਾਂ ਦੇ ਅੰਦਰ ਅੰਦਰ ਤਿਆਰ ਹੋ ਜਾਵੇਗਾ।
ਦੁਨੀਆਂ ਭਰ ਤੋਂ ਐਨ ਆਰ ਆਈਜ਼ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਨਾਂ ਦੇ ਖੋਲੇ ਜਾ ਰਹੇ ਇਸ ਹਸਪਤਾਲ ਦੀ ਸਥਾਪਤੀ ਲਈ ਮਦਦ ਵਾਸਤੇ ਹੱਥ ਵਧਾਏ ਹਨ, ਉਥੇ ਹੀ ਫਰਾਂਸ ਸਰਕਾਰ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਮਦਦ ਵਿਚ ਨਿਤਰੀ ਹੈ।
ਪ੍ਰਾਜੈਕਟ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 125 ਬੈਡਾਂ ਵਾਲੇ ਹਸਪਤਾਲ ਵਿਚ 35 ਆਈ ਸੀ ਯੂ ਬੈਡ ਹੋਣਗੇ। ਉਹਨਾਂ ਦੱਸਿਆ ਕਿ ਤੀਜੀ ਕੋਰੋਨਾ ਲਹਿਰ ਦਾ ਬੱਚਿਆਂ ‘ਤੇ ਮਾੜਾ ਅਸਰ ਪੈਣ ਦੇ ਖ਼ਦਸ਼ੇ ਨੂੰ ਵੇਖਦਿਆਂ ਅਸੀਂ ਅਜਿਹੇ ਹਾਲਾਤਾਂ ਦਾ ਟਾਕਰਾ ਕਰਨ ਦੀ ਤਿਆਰੀ ਪਹਿਲਾਂ ਹੀ ਖਿੱਚ ਲਈ ਹੈ ਤੇ ਇਸ ਹਸਪਤਾਲ ਵਿਚ ਬੱਚਿਆਂ ਲਈ ਆਈ ਸੀ ਯੂ ਤੇ ਵੱਖਰਾ ਵਾਰਡ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਸਪਤਾਲ ਦੇ ਅੰਦਰ ਹੀ ਐਕਸ ਰੇਅ ਤੇ ਸੀ ਟੀ ਸਕੈਨ ਦੀ ਸਹੂਲਤ ਹੋਵੇਗੀ ਤਾਂ ਜੋ ਮਰੀਜ਼ਾਂ ਨੂੰ ਇਧਰ ਉਧਰ ਨਾ ਭਟਕਣਾ ਪਵੇ।
ਉਹਨਾਂ ਦੱਸਿਆ ਕਿ ਫਰਾਂਸ ਸਰਕਾਰ ਨੇ ਸਾਨੂੰ ਨੋਵਾ ਏਅਰ ਆਕਸੀਜ਼ਨ ਜਨਰੇਟਰ (ਪਲਾਂਟ) ਇਸ ਹਸਪਤਾਲ ਲਈ ਦਿੱਤਾ ਹੈ। ਇਸੇ ਤਰੀਕੇ ਸੰਗਤਾਂ ਨੇ ਦੁਜਾ ਆਕਸੀਜ਼ਨ ਜਨਰੇਟਰ ਪਲਾਂਟ ਦਿੱਤਾ ਹੈ ਜਿਸ ਨਾਲ ਮਰੀਜ਼ਾਂ ਵਾਸਤੇ ਆਕਸੀਜ਼ਨ ਦੀ ਕੋਈ ਕਮੀ ਨਹੀਂ ਰਹੇਗੀ।
ਉਹਨਾਂ ਦੱਸਿਆ ਕਿ ਅਮਰੀਕਾ ਦੇ ਨਿਊਯਾਰਕ ਤੋਂ ਸੰਗਤ ਨੇ ਇਸ ਹਸਪਤਾਲ ਲਈ ਬੈਡ ਅਤੇ ਵੈਂਟੀਲੇਟਰ ਦਿੱਤੇ ਹਨ ਅਤੇ ਹੁਣ ਤੱਕ ਸਾਡੇ ਕੋਲ 6 ਆਈ ਸੀ ਯੂ ਬੈਡ, 5 ਆਈ ਸੀ ਯੂ ਵੈਂਟੀਲੇਟਰ ਤੇ 20 ਜਨਰਲ ਵਾਰਡ ਬੈਡ ਪ੍ਰਾਪਤ ਹੋ ਚੁੱਕੇ ਹਨ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿਚ ਅਗਲੇ ਸਾਲ ਤੋਂ ਮੈਡੀਕਲ ਨਰਸਾਂ ਦੇ ਕੋਰਸ ਸ਼ੁਰੂ ਹੋ ਜਾਣਗੇ ਅਤੇ ਅਗਲੇ ਤਿੰਨ ਸਾਲਾਂ ਅੰਦਰ ਇਥੇ ਪੂਰਾ ਮੈਡੀਕਲ ਕਾਲਜ ਸ਼ੁਰੂ ਹੋ ਜਾਵੇਗਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਸੀਂ ਕੋਰੋਨਾ ਕਾਰਨ 3 ਲੱਖ ਤੋਂ ਜ਼ਿਆਦਾ ਲੋਕ ਗੁਆ ਲਏ ਹਨ ਅਤੇ ਇਹਨਾਂ ਵਿਚ ਅਜਿਹੇ ਵੀ ਸਨ ਜਿਹਨਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਸੀ ਪਰ ਮੈਡੀਕਲ ਸਹੂਲਤ ਨਾਮਿਲਣ ਕਾਰਨ ਉਹ ਮੌਤ ਦੇ ਮੂੰਹ ਵਿਚ ਜਾ ਪਏ। ਉਹਨਾਂ ਕਿਹਾ ਿਕ ਅਜਿਹੇ ਹਾਲਾਤ ਵਿਚ ਮੈਡੀਕਲ ਤੇ ਸਿਹਤ ਸੰਭਾਲ ਸਹੂਲਤ ਸਿਰਜਣਾ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਡੀਕਲ ਸੰਭਾਲ ਖੁਣੋਂ ਕੋਈ ਜਾਨ ਨਾ ਗੁਆਵੇ ਅਤੇ ਅਜਿਹੀਆਂ ਸੰਸਥਾਵਾਂ ਸਾਡੇ ਲਈ ਸੋਨੇ ਤੋਂ ਵੀ ਕੀਮਤੀ ਹਨ।
ਸਰਦਾਰ ਕਾਲਕਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਲੋਕਾਂ ਨੂੰ ਸਿਰਫ ਦੋ ਹੀ ਨਾਂ ਯਾਦ ਰਹੇ ਹਨ, ਇਕ ਕੋਰੋਨਾ ਤੇ ਦੂਜਾ ਸਰਦਾਰ ਯਾਨੀ ਸਿੱਖ ਜਿਹਨਾਂ ਨੇ ਦੁਨੀਆ ਭਰ ਵਿਚ ਮਨੁੱਖਤਾ ਦੀ ਸੇਵਾ ਕੀਤੀ ਹੈ ਤੇ ਹੁਣ ਲੋਕ ਆਖ ਰਹੇ ਹਨ ਕਿ ਜਿਥੇ ਸਰਦਾਰ ਹੈ, ਉਥੇ ਕੁਝ ਵੀ ਸੰਭਵ ਹੈ।
ਇਸ ਦੌਰਾਨ ਅੱਜ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਪ੍ਰਾਜੈਕਟਾਂ ਸਾਈਟ ‘ਤੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਹਸਪਤਾਲ ਮਨੁੱਖਤਾ ਲਈ ਬੇਹੱਦ ਲਾਭਕਾਰੀ ਹੋਵੇਗਾ। ਮੈਂਬਰਾਂ ਨੇ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਦੀ ਦੂਰਅੰਦੇਸ਼ੀ ਸੋਚ ਦੀ ਸ਼ਲਾਘਾ ਕੀਤੀ।