ਈਕੋਸਿੱਖ ਵੱਲੋਂ ਦੋ ਸਾਲਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ 303 ਜੰਗਲਾਂ ਦੀ ਸਥਾਪਨਾ

  • ਈਕੋਸਿੱਖ ਪਵਿੱਤਰ ਜੰਗਲਾਂ ਦਾ ਪ੍ਰਾਜੈਕਟ ਪੰਜਾਬ ਵਿਚ ਛੋਟੇ ਜੰਗਲਾਂ ਦੀ ਕ੍ਰਾਂਤੀ ਲਿਆਉਣ ਵਿਚ ਸਹਾਇਤਾ ਕਰਦਾ ਹੈ
  • ਪੰਜਾਬ ਵਿਚ ਪਵਿੱਤਰ ਜੰਗਲ ਬਣਾਉਣ ਵਾਸਤੇ ਮੁਫਤ ਟਿਯੂਟੋਰੀਅਲ ਪੇਸ਼

ਚੰਡੀਗੜ੍ਹ, 7 ਮਾਰਚ 2021 – ਈਕੋਸਿੱਖ ਨੇ ਪੂਰੇ ਭਾਰਤ ਵਿਚ ਲਗਾਏ 303 ਜੰਗਲਾਂ ਦੇ ਮੁਕੰਮਲ ਹੋਣ ਦਾ ਐਲਾਨ ਕੀਤਾ ਜਿਸ ਵਿਚ 1,67,000 ਹਰੇ, ਭਰੇ ਦਰੱਖਤ ਵੀ ਸ਼ਾਮਲ ਹਨ। ਈਕੋਸਿੱਖ ਅਧਿਕਾਰੀਆਂ ਦੇ ਅਨੁਸਾਰ ਗੁਰੂ ਨਾਨਕ ਦੇਵ ਪਵਿੱਤਰ ਜੰਗਲ ਲਗਾਉਣ ਦੀ ਸ਼ੁਰੂਆਤ ਏਫਾਰੈਸਟ ਦੇ ਸਹਿਯੋਗ ਨਾਲ ਦੋ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ 10 ਲੱਖ ਰੁੱਖ ਲਗਾਉਣ ਦੇ ਯਤਨ ਵਜੋਂ ਹੋਈ ਸੀ।

ਈਕੋਸਿੱਖ ਦੇ ਗਲੋਬਲ ਪ੍ਰੈਜ਼ੀਡੈਂਟ, ਡਾ. ਰਾਜਵੰਤ ਸਿੰਘ ਨੇ ਕਿਹਾ, ‘ਅਸੀਂ ਬਹੁਤ ਖੁਸ਼ ਹਾਂ ਕਿ ਇਨ੍ਹਾਂ ਪਵਿੱਤਰ ਜੰਗਲਾਂ ਵਿਚ ਹੁਣ ਤੱਕ 167,000 ਦਰੱਖਤ ਲਗਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 99 ਫੀਸਦੀ ਰੁੱਖ ਬਚੇ ਹੋਏ ਹਨ ਅਤੇ ਪ੍ਰਫੁੱਲਤ ਹੋ ਰਹੇ ਹਨ। ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਇਹ ਤਰੀਕਾ ਆਉਣ ਵਾਲੀਆਂ ਪੀੜ੍ਹੀਆਂ ਲਈ ਲੰਮੇ ਸਮੇਂ ਲਈ ਸਕਾਰਾਤਮਕ ਪ੍ਰਭਾਵ ਪਾਏਗਾ। ਇਹ ਪਵਿੱਤਰ ਜੰਗਲ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਅਤੇ ਬਹਾਲ ਕਰ ਰਹੇ ਹਨ। ਇਹ ਮੌਸਮੀ ਤਬਦੀਲੀ ਨਾਲ ਲੜਨ ਲਈ ਇੱਕ ਸਮੂਹਕ ਅਤੇ ਇੱਕ ਠੋਸ ਕਦਮ ਹੈ। ‘

ਉਨ੍ਹਾਂ ਅੱਗੇ ਕਿਹਾ, ‘ਈਕੋਸਿੱਖ ਨੇ ਪੰਜਾਬ ਦੇ ਸਵਦੇਸ਼ੀ ਰੁੱਖਾਂ ਦੀ ਪਹਿਲੀ ਨਰਸਰੀ ਵੀ ਸਥਾਪਤ ਕੀਤੀ ਹੈ ਜਿਸ ਦੀ ਮੇਜਬਾਨੀ ਲਈ ਅਸੀਂ ਸਾਹਨੇਵਾਲ ਵਿਚਲੀ ਸੱਜਣ ਪ੍ਰਿਸੀਜਨ ਕਾਸਟਿੰਗ ਦੇ ਤਹਿ ਦਿਲੋਂ ਲਈ ਧੰਨਵਾਦੀ ਹਾਂ। ਇਸ ਪੁੰਨ ਕਾਰਜ ਨਾਲ ਸਾਡੇ ਜੰਗਲਾਂ ਦੇ ਪੌਦੇ ਲਗਾਉਣ ਵਿਚ ਬਹੁਤ ਮਦਦ ਮਿਲੀ ਹੈ।’ ਪ੍ਰਗਤੀ ਦਾ ਲੇਖਾ ਜੋਖਾ ਕਰਦਿਆਂ ਈਕੋਸਿੱਖ ਦੀ ਪ੍ਰਧਾਨ ਸੁਪ੍ਰੀਤ ਕੌਰ ਨੇ ਕਿਹਾ, ‘ਗੁਰੂ ਨਾਨਕ ਪਵਿੱਤਰ ਜੰਗਲ’ ਪ੍ਰੋਜੈਕਟ ਨੇ ਆਪਣੀ ਜੈਵ ਵਿਭਿੰਨਤਾ ਨੂੰ ਬਚਾਉਣ ਲਈ ਪੰਜਾਬ ਨੂੰ ਜਾਗ੍ਰਿਤ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਪੰਜਾਬ ਦੇ 55 ਤੋਂ ਵੱਧ ਦੇਸੀ ਅਤੇ ਦੁਰਲੱਭ ਜੰਗਲੀ ਰੁੱਖ ਸੁਰੱਖਿਅਤ ਰੱਖੇ ਗਏ ਹਨ।’

ਪਵਿੱਤਰ ਜੰਗਲਾਤ ਪ੍ਰਾਜੈਕਟ ਨੇ ਪੇਂਡੂ ਸੈਕਟਰ, ਖਾਸਕਰ ਨਾਰੀ ਜਗਤ ਵਿਚ ਆਮਦਨੀ ਪੈਦਾ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ । ਅਸੀਂ ਜਿਹੜੇ 550 ਰੁੱਖ ਲਗਾਉਂਦੇ ਹਾਂ ਉਨਾਂ ਲਈ 20-25 ਪੇਂਡੂ ਔਰਤਾਂ ਸਹਾਈ ਹੁੰਦੀਆਂ ਹਨ। ਡਾਇਰੈਕਟਰ ਏਫਾਰੈਸਟ, ਅਤੇ ਟੇਡ ਫੈਲੋ, ਸ਼ੁਭੇਂਦੂ ਸ਼ਰਮਾ ਨੇ ਦੱਸਿਆ, ‘ਮਨੁੱਖ ਅਧਿਆਤਮਿਕ ਜੀਵ ਹੁੰਦੇ ਹਨ, ਤੇ ਅਸੀਂ ਕੁਦਰਤ ਦਾ ਹਿੱਸਾ ਬਣ ਕੇ ਹੀ ਅਧਿਆਤਮਿਕਤਾ ਦੀ ਸਿਖਰ ਵੱਲ ਅੱਗੇ ਵਧ ਸਕਦੇ ਹਾਂ। ਪੰਜਾਬ ਦੀ ਪਵਿੱਤਰ ਧਰਤੀ ਪਿਛਲੇ ਕੁਝ ਦਹਾਕਿਆਂ ਤੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਕੇ ਦੂਸ਼ਿਤ ਅਤੇ ਜ਼ਹਿਰ ਭਰੀ ਹੋਈ ਹੈ। ਇਹ ਪ੍ਰਾਜੈਕਟ ਪੰਜਾਬ ਦੇ ਲੋਕਾਂ ਵਿਚ ਪੰਜਾਬ ਦੀ ਉਹ ਪਿਆਰ ਅਤੇ ਸ਼ਾਂਤੀ ਭਰੀ ਗੁਆਚੀ ਰੂਹ ਭਰਨ ਦਾ ਉਪਰਾਲਾ ਹੈ ਜਿਹੜੀ ਕਿਸੇ ਵੇਲੇ ਇਸ ਪਵਿੱਤਰ ਧਰਤੀ ‘ਤੇ ਸਾਡੇ ਆਤਮਿਕ ਗੁਰੂਆਂ ਦੇ ਦਿਲਾਂ ਅਤੇ ਰੂਹਾਂ ਵਿਚ ਵਾਸ ਕਰਦੀ ਸੀ ।’

ਇਸ ਮੌਕੇ ਪੈਨਲਿਸਟਾਂ ਨੇ ਇਕ ਮੁਫਤ ਆੱਨਲਾਈਨ ਟਿਯੂਟੋਰੀਅਲ ਵੀਡੀਓ ਟੀਜ਼ਰ ‘ਪੰਜਾਬ ਵਿਚ ਸੇਕਰਡ ਫਾਰੈਸਟ ਕਿਵੇਂ ਬਣਾਇਆ ਜਾਵੇ’ ਵੀ ਲਾਂਚ ਕੀਤਾ ਜੋ ਰਾਜ ਦੇ ਨੌਜਵਾਨਾਂ ਦੇ ਦ੍ਰਿਸ਼ਟੀਕੋਣ ਨੂੰ ਵਧੇਰੇ ਪਸਾਰ ਦੇਵੇਗਾ।
ਚਰਨ ਸਿੰਘ ਕਨਵੀਨਰ, ਪਵਿੱਤਰ ਜੰਗਲਾਤ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ‘ਈਕੋਸਿੱਖ ਦੇ ਪਵਿੱਤਰ ਜੰਗਲਾਤ ਪ੍ਰਾਜੈਕਟ ਨੇ ਸਾਡੀ ਪੰਜਾਬੀ ਜਵਾਨੀ ਦੀ ਕਲਪਨਾ ਨੂੰ ਪ੍ਰਭਾਵਤ ਕੀਤਾ ਹੈ। ਅੱਜ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਤਮ ਵਿਸ਼ਵਾਸੀ ਮਹਿਸੂਸ ਕਰਦੇ ਹਨ ਕਿ ਉਹ ਬਹੁਤ ਸਾਰੇ ਜੰਗਲ ਉਪਜਾ ਸਕਦੇ ਹਨ। ਇਹ ਹਰੀ ਕ੍ਰਾਂਤੀ ਹਰਿਆਲੀਆਂ ਸ਼ਾਦੀਆਂ, ਵਰ੍ਹੇਗੰਡ ਤੇ ਜਨਮ ਦਿਨਾਂ ਆਦਿ ਦੇ ਜਸ਼ਨਾਂ ਨਾਲ ਪੰਜਾਬ ਵਿਚ ਆਉਣ ਵਾਲੇ ਸਾਲ ਵਿਚ 303 ਪਵਿੱਤਰ ਜੰਗਲਾਂ ਵਿਚ ਗੁਣਾ ਕਰੇਗੀ।’

ਐਂਜਲਜ਼ ਵੈਲੀ ਸਕੂਲ, ਰਾਜਪੁਰਾ ਤੋਂ ਆਏ ਪੰਜਾਬ ਦੇ ਸਭ ਤੋਂ ਵੱਡੇ ਸੇਕਰਡ ਫਾਰੈਸਟ ਦੇ ਮੇਜ਼ਬਾਨ, ਸੰਦੀਪ ਮਹਿਤਾ ਨੇ ਦੱਸਿਆ, ‘ਪਰਮਾਤਮਾ ਨੇ ਸਾਨੂੰ 1.25 ਏਕੜ ਰਕਬੇ ਵਿਚ 53 ਦੇਸੀ ਜਾਤੀਆਂ ਦੇ 11,000 ਦਰੱਖਤਾਂ ਦਾ ਜੰਗਲ ਤੋਹਫ਼ੇ ਵਜੋਂ ਦਿੱਤਾ ਹੈ। ਮੈਂ ਹਮੇਸ਼ਾਂ ਕਲਪਨਾ ਕੀਤੀ ਸੀ ਕਿ ਮੇਰੇ ਸਕੂਲੀ ਬੱਚੇ ਪੰਜਾਬ ਦੇ ਸਾਰੇ ਰੁੱਖਾਂ, ਪੰਛੀਆਂ ਅਤੇ ਪ੍ਰਜਾਤੀਆਂ ਦਾ ਅਨੁਭਵ ਕਰ ਸਕਣ । ਇਹ ਸਾਡੇ ਨੌਜਵਾਨਾਂ ਲਈ ਉੱਚ ਗੁਣਵੱਤਾ ਵਾਲੀ ਹਵਾ ਨੂੰ ਯਕੀਨੀ ਬਣਾਏਗਾ ਅਤੇ ਉਨ੍ਹਾਂ ਦੀ ਸਿਹਤ ਨੂੰ ਤੰਦਰੁਸਤ ਬਣਾਏਗਾ ।’ ਸੰਦੀਪ ਮਹਿਤਾ ਨੇ ਆਪਣੀਆਂ ਸਾਰੀਆਂ ਫੈਕਟਰੀਆਂ, ਪੋਲਟਰੀ ਫਾਰਮਾਂ ਅਤੇ ਹੋਰ ਵਪਾਰਕ ਪ੍ਰੋਜੈਕਟਾਂ ਵਿੱਚ ਵੀ ਇਸੇ ਤਰ੍ਹਾਂ ਦੇ ਜੰਗਲ ਬਣਾਉਣ ਦੀਆਂ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਫਲਾਈ ਐਸ਼ ਡੰਪਿੰਗ ਗਰਾਉਂਡ ‘ਤੇ ਬਾਂਸ ਦੀ ਖੇਤੀ ਅਤੇ ਜੰਗਲ ਬਣਾਉਣ ਸਮੇਤ ਬੁੱਢਾ ਨਾਲ ਦੇ ਪ੍ਰਦੂਸ਼ਿਤ ਕਿਨਾਰਿਆਂ ‘ਤੇ ਅਜਿਹੇ ਜੰਗਲ ਪੈਦਾ ਕਰਨ ਵਰਗੀਆਂ ਪਹਿਲਕਦਮੀਆਂ ਦੇ ਵੇਰਵੇ ਵੀ ਸਾਂਝੇ ਕੀਤੇ।

ਈਕੋਸਿੱਖ ਦੀ ਨਰਸਰੀ ਦੀ ਮੇਜ਼ਬਾਨੀ ਕਰਨ ਵਾਲੇ ਲੁਧਿਆਣਾ ਦੇ ਉਦਯੋਗਪਤੀ ਗੁਰਵਿੰਦਰ ਪਾਲ ਸਿੰਘ ਨੇ ਕਿਹਾ, ‘ਮੈਨੂੰ ਮਾਣ ਹੈ ਕਿ ਮੈਂ ਅਜਿਹੇ ਨੇਕ ਕੰਮਾਂ ਨਾਲ ਜੁੜਿਆ ਹੋਇਆ ਹਾਂ। ਅਸੀਂ ਇਕੋ ਸੱਦੇ ‘ਤੇ 40 ਕਿਸਮਾਂ ਦੇ ਬੂਟੇ, ਸੰਦ, ਮਿੱਟੀ ਦੇ ਪੋਸ਼ਕ ਤੱਤ ਅਤੇ ਬਾਂਸ ਦੀਆਂ ਸੋਟੀਆਂ ਦਾ ਪ੍ਰਬੰਧ ਕਰਨ ਦੇ ਯੋਗ ਹਾਂ। ਇਸ ਨਾਲ ਰੁੱਖ ਪਸਾਰੇ ਵਿਚ ਤੇਜੀ ਆਈ ਹੈ। ਉਨਾਂ ਨਰਸਰੀ ਦੀ ਸਮਰੱਥਾ ਨੂੰ 50,000 ਬੂਟੇ ਤੱਕ ਵਧਾਉਣ ਲਈ ਵੀ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।

ਈਕੋਸਿੱਖ ਸਾਊਥ ਏਸ਼ੀਆ ਪ੍ਰੋਜੈਕਟ ਮੈਨੇਜਰ, ਰਵਨੀਤ ਸਿੰਘ ਨੇ ਸੂਚਿਤ ਕੀਤਾ, ‘ਸਾਡੀ ਯਾਤਰਾ 550 ਰੁੱਖ ਪ੍ਰੋਜੈਕਟ ਨਾਲ ਸ਼ੁਰੂ ਹੋਈ ਅਤੇ ਅੱਜ ਅਸੀਂ ਇੱਕ ਹੀ ਜੰਗਲ ਵਿੱਚ 11,000 ਪੌਦੇ ਲਗਾ ਰਹੇ ਹਾਂ। ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਜੰਗਲ ਆਪਣੇ ਸਕੂਲ, ਕਾਲਜਾਂ ਦੇ ਘਰਾਂ ਜਾਂ ਗੁਰਦੁਆਰਿਆਂ ਵਿੱਚ ਲਗਾਏ ਜਾਣ। ਇਹ ਸਾਡੇ ਆਪਣੇ ਫਾਇਦੇ ਲਈ ਹੈ।

ਉਨਾਂ ਅੱਗੇ ਕਿਹਾ, ‘ਮਾਣਯੋਗ ਸੁਪਰੀਮ ਕੋਰਟ ਦੀ ਕਮੇਟੀ ਨੇ ਰਿਕਾਰਡ ਕੀਤਾ ਕਿ ਇਕ ਰੁੱਖ ਇਕ ਸਾਲ ਵਿਚ, 74,500 ਰੁਪਏ ਦਾ ਹੁੰਦਾ ਹੈ। ਇਸ ਵਿਚੋਂ ਇਕੱਲੇ ਆਕਸੀਜਨ ਦੀ ਕੀਮਤ 45,000 ਰੁਪਏ ਹੁੰਦੀ ਹੈ ਤੇ ਇਸ ਤੋਂ ਬਾਅਦ ਬਾਇਓ ਖਾਦ ਦੀ ਕੀਮਤ ਹੈ, ਜਿਸ ਦੀ ਕੀਮਤ 20,000 ਰੁਪਏ ਬਣਦੀ ਹੈ । ਇਸ ਤੋਂ ਇਲਾਵਾ ਪੋਸ਼ਕ ਤੱਤਾਂ ਅਤੇ ਖਾਦ ਦੀਆਂ ਕੀਮਤਾਂ ਵੀ ਜੋੜਦੀਆਂ ਹਨ। ਇਹ ਜੀਐਨਐਸਐਫ ਵਿਚ 1,67,000 ਰੁਪਏ ਦੇ ਸਾਲਾਨਾ ਮੁੱਲ ਜੋੜ ਕੇ 1,25,000 ਕਰੋੜ ਰੁਪਏ ਬਣਾਉਂਦੇ ਹਨ ।’ ਈਕੋਸਿੱਖ 11 ਵਾਂ ਸਲਾਨਾ ਸਿੱਖ ਵਾਤਾਵਰਣ ਦਿਵਸ 14 ਮਾਰਚ ਨੂੰ ਮਨਾ ਰਿਹਾ ਹੈ। ਇਹ ਸੰਗਠਨ ਵੱਲੋਂ 7 ਵੇਂ ਸਿੱਖ ਗੁਰੂ, ਗੁਰੂ ਹਰ ਰਾਏ ਜੀ ਦੇ ਗੁਰਤਾ-ਗੱਦੀ ਦਿਵਸ (ਵਾਤਾਵਰਨ ਦਿਵਸ) ਵਜੋਂ ਸ਼ੁਰੂ ਕੀਤਾ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਸਕੱਤਰ ਨੇ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

‘ਆਪ’ ਵੱਲੋਂ ਰਾਜ ਟ੍ਰੇਡ ਵਿੰਗ ਦੇ ਅਹੁੱਦੇਦਾਰਾਂ ਦਾ ਐਲਾਨ