- ਪਰਿਵਾਰ ਨੂੰ 2 ਲੱਖ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ
- ਵੰਸ਼ ਦੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਦੀ ਕੀਤੀ ਅਪੀਲੀ
- ਵੰਸ਼ ਦੇ ਵੱਡੇ ਭਰਾ ਮੰਨਤ ਸਿੰਘ ਨੂੰ ਵੀ ਓਸੇ ਸਕੂਲ ਦੀ 10ਵੀਂ ਜਮਾਤ ‘ਚ ਕਰਵਾਇਆ ਦਾਖਲ
ਲੁਧਿਆਣਾ, 12 ਮਈ 2021 – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਮਲੀਜਾਮਾਂ ਪਹਿਨਾਉਂਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅੱਜ 11 ਸਾਲਾ ਵੰਸ਼ ਸਿੰਘ ਨੂੰ ਮਿਲੇ, ਜਿਸ ਦੀ ਪਰਿਵਾਰ ਦੀ ਸਹਾਇਤਾ ਲਈ ਲੁਧਿਆਣਾ ਦੀਆਂ ਸੜਕਾਂ ‘ਤੇ ਜੁਰਾਬਾਂ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ, ਨੂੰ ਸਥਾਨਕ ਪੀ.ਏ.ਯੂ. ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਵਿੱਚ ਦਾਖਲ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਲੜਕੇ ਦੇ ਪਿਤਾ ਪਰਮਜੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ। ਇਸ ਮੌਕੇ ਵੰਸ਼ ਸਿੰਘ ਦੀ ਮਾਤਾ ਰਾਣੀ ਵੀ ਮੌਜੂਦ ਸੀ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੰਸ਼ ਦੇ ਵੱਡੇ ਭਰਾ ਮੰਨਤ ਸਿੰਘ ਨੂੰ ਵੀ ਉਸੇ ਸਕੂਲ ਵਿਚ 10ਵੀਂ ਕਲਾਸ ਵਿਚ ਦਾਖਲਾ ਦਿਵਾਇਆ ਗਿਆ।
ਸ਼ਰਮਾ ਨੇ ਆਸ ਪ੍ਰਗਟਾਈ ਕਿ ਦੋਵੇ ਬੱਚੇ ਆਪਣੀ ਜਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਦਿਆਂ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਛੋਟਾ ਲੜਕਾ ਆਪਣੇ ਹਾਣੀਆਂ ਲਈ ਪ੍ਰੇਰਣਾ ਸਰੋਤ ਬਣ ਸਕਦਾ ਹੈ। ਦੋਵਾਂ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਸ੍ਰੀ ਸ਼ਰਮਾ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਮੁੰਡੇ ਸਫਲਤਾ ਦੀ ਇੱਕ ਨਵੀਂ ਕਹਾਣੀ ਲਿਖਣਗੇ।
ਉਨ੍ਹਾਂ ਵੰਸ਼ ਦੇ ਪਿਤਾ ਪਰਮਜੀਤ ਅਤੇ ਮਾਂ ਰਾਣੀ ਨੂੰ ਵੀ ਅਪੀਲ ਕੀਤੀ ਕਿ ਉਹ ਦੋਵੇਂ ਲੜਕਿਆਂ ਦੀ ਸਕੂਲ ਵਿੱਚ ਪੜਾਈ ਪੂਰੀ ਕਰਵਾਉਣ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
7 ਮਈ, 2021 ਨੂੰ ਵੰਸ਼ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੰਸ਼ ਨੂੰ ਇਕ ਵੀਡੀਓ ਕਾਲ ਕੀਤੀ ਸੀ ਅਤੇ ਪਰਿਵਾਰ ਨੂੰ ਤੁਰੰਤ ਸਹਾਇਤਾ ਲਈ 2 ਲੱਖ ਰੁਪਏ ਤੋਂ ਇਲਾਵਾ ਉਸ ਦੀ ਪੜ੍ਹਾਈ ਵਿਚ ਪੂਰੀ ਸਰਕਾਰੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ, ਜਿਨ੍ਹਾਂ ਵੰਸ਼ ਦੀ ਇੱਕ ਕਾਰ ਸਵਾਰ ਵੱਲੋਂ ਜੁਰਾਬਾਂ ਦੀ ਕੀਮਤ ਤੋਂ 50 ਰੁਪਏ ਵਾਧੂ ਦੀ ਪੇਸ਼ਕਸ਼ ਤੋਂ ਇਨਕਾਰ ਕਰਨ ਦੀ ਵੀਡੀਓ ਨੂੰ ਵੇਖਣ ਤੋਂ ਬਾਅਦ ਵੰਸ਼ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ, ਉਨ੍ਹਾਂ ਕਿਹਾ ਕਿ ਉਹ ਲੜਕੇ ਦੀ ਸਵੈ-ਮਾਣ ਅਤੇ ਇੱਜ਼ਤ ਤੋਂ ਪ੍ਰਭਾਵਤ ਹੋਏ ਹਨ।