… ਸਿੱਖਿਆ ਮੰਤਰੀ ਦਿੱਲੀ ਸਰਕਾਰ ਤੋਂ ਸਿੱਖਣ ਕਿ ਸਕੂਲਾਂ ਵਿੱਚ ਕਰਾਂਤੀਕਾਰੀ ਸੁਧਾਰ ਕਿਵੇਂ ਕੀਤੇ ਜਾਂਦੇ ਨੇ
ਚੰਡੀਗੜ੍ਹ, 5 ਮਈ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਸਵਾਲ ਕੀਤਾ ਹੈ ਕਿ, ਕੀ ਸਕੂਲਾਂ ਦੀਆਂ ਕੰਧਾਂ ਨੂੰ ਰੰਗ ਰੋਗਨ ਕਰਨ ਨਾਲ ਸਕੂਲ ਸਮਾਰਟ ਬਣ ਜਾਂਦੇ ਹਨ?
ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸੂਬੇ ‘ਚ 13 ਹਜਾਰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਨੂੰ ਝੂਠਾ ਸੁਪਨਮਈ ਕਰਾਰ ਦਿੰਦਿਆਂ ਕਿਹਾ ਕਿ ਲੋਕ ਸੱਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਕੂਲਾਂ ਦੀਆਂ ਇਮਾਰਤਾਂ ਨੂੰ ਸਮਾਜ ਸੇਵੀਆਂ, ਪੰਚਾਇਤਾਂ ਅਤੇ ਆਮ ਲੋਕਾਂ ਦੇ ਪੈਸਿਆਂ ਨਾਲ ਕੇਵਲ ਰੰਗ ਰੋਗਨ ਕਰਾਉਣ ਨਾਲ ਸਕੂਲ ਸਮਾਰਟ ਨਹੀਂ ਬਣ ਜਾਂਦੇ। ਸਮਾਰਟ ਸਕੂਲ ਬਣਾਉਣ ਲਈ ਸਕੂਲਾਂ ਵਿੱਚ ਪੜ੍ਹਾਈ ਦੀਆਂ ਅਧੁਨਿਕ ਤਕਨੀਕਾਂ ਮੁਹਈਆਂ ਕਰਾਉਣੀਆਂ ਪੈਂਦੀਆਂ ਹਨ, ਜਿਵੇਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਉਥੋਂ ਦੇ ਸਕੂਲਾਂ ਵਿੱਚ ਪ੍ਰਦਾਨ ਕੀਤੀਆਂ ਹਨ।
ਬੀਬਾ ਮਾਣੂੰਕੇ ਨੇ ਸਵਾਲ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਦੱਸਣ ਕਿ ਪੰਜਾਬ ਦੇ ਕਿੰਨੇ ਸਕੂਲਾਂ ਵਿੱਚ ਕੰਮਪਿਊਟਰ ਲਾਇਬ੍ਰੇਰੀਆਂ ਹਨ, ਕਿੰਨੇ ਸਕੂਲਾਂ ‘ਚ ਬਾਇਓਮੀਟਰਿਕ ਹਾਜਰੀ ਪ੍ਰਣਾਲੀ ਹੈ, ਇੰਟਨਰਨੈਟ ਕੁਨੈਕਟੀਵਿਟੀ ਕਿੱਥੇ ਕਿੱਥੇ ਹੈ, ਕਿੰਨੇ ਹਜਾਰ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਅਤੇ ਡਿਜੀਟਲ ਗਰੀਨ ਬੋਰਡ ਲਾਏ ਗਏ ਹਨ? ਉਨ੍ਹਾਂ ਪੁੱਛਿਆ ਪੰਜਾਬ ਦੇ ਕਿੰਨੇ ਹਜਾਰ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਵਿਸਵ ਪੱਧਰੀ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ ਹੈ? ਸਿੱਖਿਆ ਵਿਭਾਗ ਦੱਸੇ ਕਿ ਕੁੱਲ ਕਿੰਨੇ ਪੈਸੇ ਸਕੂਲਾਂ ‘ਤੇ ਖਰਚ ਕੀਤੇ ਗਏ ਹਨ, ਇਸ ਵਿੱਚ ਸਰਕਾਰ ਤੋਂ ਇਲਾਵਾ ਸਥਾਨਕ ਲੋਕਾਂ, ਪ੍ਰਵਾਸੀ ਭਾਰਤੀਆਂ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਕਿੰਨਾਂ ਕਿੰਨਾ ਯੋਗਦਾਨ ਦਿੱਤਾ ਗਿਆ ਹੈ।
ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੀ ਹਾਲਤ ਤਰਸਯੋਗ ਹੈ। ਸਰਕਾਰੀ ਸਕੂਲਾਂ ਦੇ ਹਜਾਰਾਂ ਬੱਚੇ ਪੀਣ ਵਾਲੇ ਸੱਧ ਪਾਣੀ, ਸਾਫ ਸੁਥਰੇ ਪਖਾਨੇ ਅਤੇ ਚੰਗੇ ਖੇਡ ਮੈਦਾਨਾਂ ਦੀ ਮੰਗ ਕਰ ਰਹੇ ਹਨ। ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚ ਤੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਸਮੇਤ ਹੋਰ ਮੁਲਾਜਮਾਂ ਦੀ ਵੱਡੀ ਕਮੀ ਹੈ। ਜਿਹੜੇ ਅਧਿਆਪਕ ਹਨ, ਉਨ੍ਹਾਂ ਤੋਂ ਪੜ੍ਹਾਈ ਕਰਾੳਣ ਨਾਲੋਂ ਜਅਿਾਦਾ ਚੋਣ ਡਿਊਟੀਆਂ, ਕੋਵਿਡ ਦੀ ਸਕਰੀਨਿੰਗ ਸਮੇਤ ਗੈਰ ਵਿਦਿਅਕ ਕੰਮ ਕਰਵਾਏ ਜਾਂਦੇ ਹਨ। ਇਸ ਕਾਰਨ ਸੂਬੇ ਭਰ ਦੇ ਅਧਿਆਪਕ ਤਣਾਊ ਤੋਂ ਪੀੜਤ ਹੋ ਗਏ ਹਨ। ਵਿਧਾਇਕਾ ਨੇ ਕਿਹਾ ਸੂਬੇ ਭਰ ‘ਚ ਈਟੀਟੀ ਅਤੇ ਬੀਐਡ ਕੋਰਸਾਂ ਵਾਲੇ ਕਰੀਬ 14000 ਟੀਈਟੀ ਪਾਸ ਬੇਰੁਜਗਾਰ ਅਧਿਆਪਕ ਨੌਕਰੀ ਲਈ ਦਿਨ ਰਾਤ ਸੰਘਰਸ ਕਰ ਰਹੇ ਹਨ। ਸਰਕਾਰ ਅਧਿਆਪਕਾਂ ਦੀ ਭਰਤੀ ਨਹੀਂ ਕਰ ਰਹੀ ਅਤੇ ਹਜਾਰਾਂ ਅਧਿਆਪਕ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ।
ਗਾਲੀ ਗਲੋਚ ਲਈ ਜਾਣੇ ਜਾਂਦੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਸਲਾਹ ਦਿੰਦਿਆਂ ਬੀਬਾ ਮਾਣੂੰਕੇ ਨੇ ਕਿਹਾ ਨੇ ਸਿੱਖਿਆ ਮੰਤਰੀ ਨੂੰ ਦਿੱਲੀ ਜਾ ਕੇ ਸਿੱਖਣਾ ਚਾਹੀਦਾ ਹੈ ਕਿ ਸਕੂਲਾਂ ਵਿੱਚ ਕਰਾਂਤੀਕਾਰੀ ਸੁਧਾਰ ਕਿਵੇਂ ਕੀਤੇ ਜਾਂਦੇ ਹਨ ਅਤੇ ਕਿਵੇਂ ਸਮਾਰਟ ਸਕੂਲ ਬਣਾਏ ਜਾਂਦੇ ਹਨ।