ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਮੁਫ਼ਤ ਵਰਦੀਆਂ: ਸਿੰਗਲਾ

  • 13,48,632 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਵੰਡਣ ਲਈ 80.92 ਕਰੋੜ ਰੁਪਏ ਦਾ ਬਜਟ ਕੀਤਾ ਮਨਜ਼ੂਰ: ਸਿੱਖਿਆ ਮੰਤਰੀ

ਚੰਡੀਗੜ੍ਹ, 21 ਮਈ 2021 – ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਦੇ ਲਗਭਗ 13,48,632 ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁਫਤ ਵਰਦੀਆਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਵਲੋਂ 80.92 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜੀਂਦੀ ਗ੍ਰਾਂਟ ਜਾਰੀ ਕਰਨ ਉਪਰੰਤ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵਰਦੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਵਿਸਥਾਰਤ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਨਾਂ ਕਿਹਾ ਕਿ ਵਰਦੀਆਂ ਦੀ ਖਰੀਦ ਲਈ ਇਹ ਫੰਡ ਜ਼ਿਲ੍ਹਾ ਪੱਧਰ ਤੋਂ ਸਿੱਧੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਖਾਤੇ ਵਿੱਚ ਪਾਏ ਜਾਣਗੇ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤ ਰਹੀ ਹੈ। ਉਹਨਾਂ ਦੱਸਿਆ ਕਿ ਘਰਾਂ ਤੱਕ ਵਰਦੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਵਰਦੀ ਦਾ ਮੇਚਾ (ਨਾਪ) ਦੇਣ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ। ਸਗੋਂ ਸਟਾਫ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰੇਗਾ ਅਤੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ।

ਉਹਨਾਂ ਅੱਗੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਐਸ.ਐਮ.ਸੀਜ਼. ਨੂੰ ਹਰੇਕ ਵਿਦਿਆਰਥੀ ਦੀ ਨਿੱਜੀ ਸੁਰੱਖਿਆ ਲਈ ਉਹਨਾਂ ਨੂੰ ਦੋ-ਦੋ ਮਾਸਕ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।

ਸਿੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਲਈ 80.92 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇਣ ਮੌਕੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਜਮਾਤਾਂ ਵਿੱਚ ਪੜਨ ਵਾਲੀਆਂ ਸਾਰੀਆਂ ਲੜਕੀਆਂ ਅਤੇ ਐਸ.ਸੀ./ ਐਸ.ਟੀ./ ਬੀ ਪੀ. ਐਲ. ਵਰਗ ਦੇ ਲੜਕਿਆਂ ਨੂੰ 600 ਪ੍ਰਤੀ ਵਰਦੀ ਦੀ ਲਾਗਤ ਨਾਲ ਮੁਫਤ ਵਰਦੀਆਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਕੁੱਲ 13,48,632 ਵਿਦਿਆਰਥੀਆਂ ਵਿੱਚੋਂ 7,65,024 ਲੜਕੀਆਂ ਹਨ ਜਦ ਕਿ 5,08,436 ਅਨੁਸੂਚਿਤ ਜਾਤੀ ਦੇ ਲੜਕੇ ਅਤੇ 75,172 ਬੀ.ਪੀ.ਐਲ. ਵਰਗ ਦੇ ਲੜਕੇ ਸ਼ਾਮਲ ਹਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਵਧੀਆ ਕਵਾਲਟੀ ਦੀ ਵਰਦੀ ਖਰੀਦਣ ਲਈ ਮਾਪਦੰਡ ਪਹਿਲਾਂ ਹੀ ਨਿਰਧਾਰਤ ਕਰ ਲਏ ਗਏ ਹਨ ਅਤੇ ਵਰਦੀਆਂ ਦੀ ਖ਼ਰੀਦ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੋਈ ਦਖਲਅੰਦਾਜੀ ਨਹੀਂ ਹੋਵੇਗੀ ਅਤੇ ਨਾ ਹੀ ਉਹ ਕਿਸੇ ਵੀ ਐਸ.ਐਮ.ਸੀ ਨੂੰ ਕਿਸੇ ਵਿਸ਼ੇਸ਼ ਵਿਕਰੇਤਾ ਜਾਂ ਦੁਕਾਨ ਤੋਂ ਵਰਦੀ ਦੀ ਖਰੀਦ ਲਈ ਕੋਈ ਜੁਬਾਨੀ ਜਾਂ ਲਿਖਤੀ ਨਿਰਦੇਸ਼ ਜਾਰੀ ਕਰਨਗੇ।

ਮੰਤਰੀ ਨੇ ਕਿਹਾ “ਜੇਕਰ ਕੋਈ ਅਧਿਕਾਰੀ ਖਰੀਦ ਪ੍ਰਕਿਰਿਆ ਵਿੱਚ ਦਖਲਅੰਦਾਜੀ ਕਰਦਾ ਪਾਇਆ ਗਿਆ ਤਾਂ ਦੋਸ਼ੀ ਪਾਏ ਜਾਣ ’ਤੇ ਸਬੰਧਤ ਅਧਿਕਾਰੀ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।”

ਕੈਬਨਿਟ ਮੰਤਰੀ ਨੇ ਦੱਸਿਆ ਕਿ ਲੜਕਿਆਂ ਨੂੰ ਸ਼ਰਟ, ਪੈਂਟ, ਪਟਕਾ ਜਾਂ ਟੋਪੀ, ਸਵੈਟਰ, ਜੁਰਾਬਾਂ ਅਤੇ ਜੁੱਤੇ ਦਿੱਤੇ ਜਾਣਗੇ ਅਤੇ ਵਿਦਿਆਰਥਣਾਂ ਨੂੰ ਸ਼ਰਟ-ਪੈਂਟ ਜਾਂ ਸਲਵਾਰ-ਕਮੀਜ਼, ਸਵੈਟਰ, ਜੁੱਤੇ ਅਤੇ ਜੁਰਾਬਾਂ ਦਿੱਤੇ ਜਾਣਗੇ। ਉਨਾਂ ਕਿਹਾ ਕਿ ਪ੍ਰਾਇਮਰੀ ਕਲਾਸਾਂ ਦੀਆਂ ਵਿਦਿਆਰਥਣਾਂ ਲਈ ਪੈਂਟ- ਕਮੀਜ਼ ਵਿਕਲਪਿਕ ਹਨ ਜਦਕਿ ਅੱਪਰ-ਪ੍ਰਾਇਮਰੀ ਕਲਾਸਾਂ ਦੀਆਂ ਕੁੜੀਆਂ ਲਈ ਸਲਵਾਰ-ਕਮੀਜ਼ ਮੁਫਤ ਵਰਦੀ ਦੇ ਹਿੱਸੇ ਵਜੋਂ ਲਾਜ਼ਮੀ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਕਰਫਿਊ ਦੌਰਾਨ ਨਵੀਆਂ ਛੋਟਾਂ ਦਾ ਐਲਾਨ

ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਕਿਸਾਨ-ਅੰਦੋਲਨ ਪ੍ਰਤੀ ਧਾਰੀ ਬੇਰੁਖੀ ਤੋੜਨ ਦੀ ਅਪੀਲ