ਕੈਲੀਫੋਰਨੀਆ 9 ਜੂਨ 2021 – ਉੱਤਰੀ ਕੈਰੋਲਿਨਾ ਦੇ ਇਕ ਹਾਈ ਸਕੂਲ ਨੇ ਵੀਰਵਾਰ ਨੂੰ ਇੱਕ ਵਿਦਿਆਰਥੀ ਨੂੰ ਉਸਦਾ ਡਿਪਲੋਮਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਗ੍ਰੈਜੂਏਸ਼ਨ ਸਮਾਰੋਹ ਵੇਲੇ ਆਪਣੇ ਗਾਊਨ ਉੱਤੇ ਮੈਕਸੀਕਨ ਝੰਡਾ ਪਾਇਆ ਹੋਇਆ ਸੀ। ਏਸ਼ੇਬਰੋ ਹਾਈ ਸਕੂਲ ਦੇ ਡਿਗਰੀ ਵੰਡ ਸਮਾਗਮ ਵਿੱਚ ਮੈਕਸੀਕਨ ਝੰਡਾ ਪਾਏ ਹੋਣ ਕਾਰਨ ਏਵਰ ਲੋਪੇਜ਼ ਨਾਮ ਦੇ ਵਿਦਿਆਰਥੀ ਨੂੰ ਪ੍ਰਿੰਸੀਪਲ ਨੇ ਅਸਲ ਡਿਪਲੋਮਾ ਦੇਣ ਤੋਂ ਇਨਕਾਰ ਕਰ ਦਿੱਤਾ।
ਸਕੂਲ ਨੇ ਦੱਸਿਆ ਕਿ ਇਹ ਕਦਮ ਲੋਪੇਜ਼ ਦੁਆਰਾ ਸਕੂਲ ਦੇ ਡਰੈਸ ਕੋਡ ਦੀ ਉਲੰਘਣਾ ਕਰਨ ਕਰਕੇ ਪੁੱਟਿਆ ਗਿਆ ਹੈ। ਇਸ ਸਮਾਰੋਹ ਤੋਂ ਬਾਅਦ, ਲੋਪੇਜ਼ ਅਤੇ ਉਸਦੇ ਮਾਪਿਆਂ ਨੇ ਸਕੂਲ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਪ੍ਰਿੰਸੀਪਲ ਪੈਨੀ ਕੁੱਕਸ ਵੀ ਸ਼ਾਮਲ ਸੀ। ਇਸ ਦੌਰਾਨ ਕੁੱਕਸ ਨੇ ਝੰਡਾ ਪਹਿਨੇ ਲੋਪੇਜ਼ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ, ਪਰ ਉਸਨੇ ਇਨਕਾਰ ਕਰ ਦਿੱਤਾ। ਕੁੱਕਸ ਨੇ ਫਿਰ ਲੋਪੇਜ਼ ਅਤੇ ਉਸ ਦੇ ਪਰਿਵਾਰ ਨੂੰ ਅਧਿਕਾਰੀਆਂ ਦੀ ਸਹਾਇਤਾ ਨਾਲ ਸਕੂਲ ਤੋਂ ਬਾਹਰ ਕੱਢ ਦਿੱਤਾ।