ਆਰਥਿਕ ਸਰਵੇਖਣ 2021: ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ ’ਚ ਪੰਜਾਬ ਅੱਵਲ

  • ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਸਦਕਾ ਮਾਪਿਆਂ ਦਾ ਵਿਸ਼ਵਾਸ ਮੁੜ ਸਰਕਾਰੀ ਸਕੂਲਾਂ ’ਚ ਬੱਝਿਆ: ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ

ਚੰਡੀਗੜ੍ਹ, 4 ਫਰਵਰੀ 2021 – ਹਾਲ ਹੀ ਵਿੱਚ ਹੋਏ ਆਰਥਿਕ ਸਰਵੇਖਣ 2021 ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ ਵਿਚ ਪੰਜਾਬ ਦੇਸ਼ ਭਰ ’ਚੋਂ ਅੱਵਲ ਰਿਹਾ ਹੈ। ਸਰਵੇਖਣ ’ਚ ਆਏ ਨਤੀਜਿਆਂ ਅਨੁਸਾਰ ਮੁੱਢਲੀ ਸਿੱਖਿਆ ਦੇ ਖੇਤਰ ’ਚ 3 ਤੋਂ 5 ਸਾਲ ਵਰਗ ’ਚ ਪੰਜਾਬ ਵਿਚ 61.6 ਫੀਸਦ ਵਿਦਿਆਰਥੀਆਂ ਦੀ ਹਾਜ਼ਰੀ ਰਿਕਾਰਡ ਕੀਤੀ ਗਈ ਜੋ ਕਿ ਪੂਰੇ ਦੇਸ਼ ਵਿਚ ਸਭ ਤੋਂ ਵੱਧ ਸੀ।

ਇਸ ਮੌਕੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਨੀਤੀਗਤ ਬਦਲਾਅ ਦੇ ਚੱਲਦਿਆਂ ਸੂਬੇ ਵਿਚ ਸਿੱਖਿਆ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਉਨਾਂ ਕਿਹਾ ਕਿ ਮੁੱਢਲੀ ਸਿੱਖਿਆ ਦੀ ਨੀਂਹ ਮਜ਼ਬੂਤ ਕਰਨ ਲਈ ਪੰਜਾਬ ਨੇ ਹੀ ਦੇਸ਼ ਭਰ ਵਿਚੋਂ ਸਭ ਤੋਂ ਪਹਿਲਾਂ ਪੂਰਨ ਤੌਰ ’ਤੇ ਪ੍ਰੀ-ਪ੍ਰਾਇਮਰੀ ਕਲਾਸਾਂ ਸਰਕਾਰੀ ਸਕੂਲਾਂ ਵਿਚ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਸਨ। ਉਨਾਂ ਕਿਹਾ ਕਿ ਕਲਾਸਾਂ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਸਕੂਲ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਅਤੇ ਹੋਰਨਾਂ ਸਬੰਧਤ ਵਰਗਾਂ ਦੇ ਸਹਿਯੋਗ ਸਦਕਾ ਹੋ ਰਹੇ ਸਾਰਥਕ ਬਦਲਾਅ ਦੀ ਇਹ ਇੱਕ ਵੱਡੀ ਮਿਸਾਲ ਹੈ।

ਸਿੰਗਲਾ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਦਾਖਲਾ ਅਤੇ ਪੜਾਈ ਬਿਲਕੁਲ ਮੁਫਤ ਹੈ ਜਿਸ ਨਾਲ ਵਿੱਤੀ ਤੌਰ ‘ਤੇ ਕਮਜੋਰ ਮਾਪਿਆਂ ਦੇ ਬੱਚਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਉਨਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਦਾਖਲਿਆਂ ਦੇ ਵਿਚ ਸਾਲ ਦਰ ਸਾਲ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਕਿਉਕਿ ਅਕਾਦਮਿਕ ਵਰੇ 2018-19 ’ਚ 2 ਲੱਖ 13 ਹਜ਼ਾਰ ਬੱਚਿਆਂ ਨੇ ਦਾਖਲਾ ਲਿਆ ਸੀ ਜੋ 2019-20 ’ਚ ਵੱਧ ਕੇ 2 ਲੱਖ 25 ਹਜ਼ਾਰ ਹੋ ਗਿਆ। ਉਨਾਂ ਕਿਹਾ ਕਿ ਚਾਲੂ ਅਕਾਦਮਿਕ ਵਰੇ ਵਿਚ ਸਰਕਾਰੀ ਸਕੂਲਾਂ ਵਿੱਚ 3 ਲੱਖ 30 ਹਜਾਰ ਬੱਚੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਦਾਖਲਾ ਵਧਣ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਮੰਗ ਵਧੀ ਹੈ ਜਿਸਨੂੰ ਦੇਖਦਿਆਂ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜਾਉਣ ਲਈ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਪੱਕੀਆਂ ਪੋਸਟਾਂ ਨੂੰ ਭਰਨ ਦੀ ਪੰਜਾਬ ਸਰਕਾਰ ਨੇ ਮਨਜੂਰੀ ਦਿੱਤੀ ਜਿਸਦੀ ਭਰਤੀ ਪ੍ਰਕਿਰਿਆ ਜਾਰੀ ਹੈ। ਉਨਾਂ ਕਿਹਾ ਕਿ ਇਸ ਨਾਲ 3-6 ਸਾਲ ਦੇ ਬੱਚਿਆਂ ਲਈ ਭਵਿੱਖ ਵਿੱਚ ਹੋਰ ਅਧਿਆਪਕ ਮਿਲਣ ਦੀ ਆਸ ਬੱਝੀ ਹੈ ਅਤੇ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਲਗਭਗ 13000 ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਮਰਿਆਂ ਨੂੰ ਮਾਡਲ ਕਲਾਸਰੂਮ ਵਜੋਂ ਸਥਾਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਰੇ ਕਾਰਪੈਟਾਂ ਅਤੇ ਗੱਦਿਆਂ ਦੇ ਨਾਲ-ਨਾਲ ਭਾਂਤ-ਭਾਂਤ ਦੇ ਖਿਡੌਣਿਆਂ, ਈ-ਕੰਟੈਂਟ ਦੀ ਵਰਤੋਂ ਲਈ ਲੱਗੇ ਪ੍ਰੋਜੈਕਟਰ ਜਾਂ ਐੱਲ.ਈ.ਡੀਜ. ਨੂੰ ਦੇਖਦਿਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਦੇ ਚਿਹਰੇ ਕਮਰਿਆਂ ਅੰਦਰ ਆਉਂਦੇ ਹੀ ਖਿੜ ਜਾਂਦੇ ਹਨ। ਉਨਾਂ ਦੱਸਿਆ ਕਿ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅੰਜਾਮ ਦੇਣ ਲਈ ਆਕਰਸਕ ਸਮੱਗਰੀ ਬਹੁਤ ਹੀ ਉਸਾਰੂ ਭੂਮਿਕਾ ਨਿਭਾ ਰਹੀ ਹੈ ਅਤੇ ਸਮੂਹ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਤੇ ਪ੍ਰੀ-ਪ੍ਰਾਇਮਰੀ-2 ਦੀਆਂ ਜਮਾਤਾਂ ਸੁਚਾਰੂ ਰੂਪ ਨਾਲ ਲੱਗਣ ਲੱਗ ਗਈਆਂ ਹਨ।

ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਲਈ ਸਮੇਂ-ਸਮੇਂ ‘ਤੇ ਬਾਲ ਮੇਲੇ ਲਗਾਏ ਜਾਂਦੇ ਹਨ ਜਿਨਾਂ ’ਚ ਛੋਟੇ ਬੱਚਿਆਂ ਨੇ ਆਪਣੇ ਮਾਤਾ-ਪਿਤਾ/ਸਰਪ੍ਰਸਤ ਦੇ ਸਾਹਮਣੇ ਅਧਿਆਪਕਾਂ ਦੁਆਰਾ ਸਿਖਾਈਆਂ ਗਈਆਂ ਕਿਰਿਆਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸਮਾਰਟ ਕਲਾਸਰੂਮ ਬਣਾ ਕੇ ਪ੍ਰੋਜੈਕਟਰ ਜਾਂ ਐੱਲ.ਈ.ਡੀਜ. ਨਾਲ ਬੱਚਿਆਂ ਨੂੰ ਪੜਾਈ ਲਈ ਅਨੁਕੂਲ ਮਾਹੌਲ ਦੇਣ ਵਿੱਚ ਸਰਕਾਰੀ ਸਕੂਲ ਪਿੱਛੇ ਨਹੀਂ ਹਨ ਅਤੇ ਬਿਨਾਂ ਫੀਸਾਂ ਤੋਂ ਬੱਚਿਆਂ ਲਈ ਨਿੱਜੀ ਪ੍ਰੀ-ਸਕੂਲਾਂ ਵਰਗੀਆਂ ਸੁਵਿਧਾਵਾਂ ਦੇਣਾ ਸਿੱਖਿਆ ਵਿਭਾਗ ਦੀ ਵੱਡੀ ਪ੍ਰਾਪਤੀ ਹੈ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਫੈਲਣ ਕਾਰਨ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕਰਨਾ ਪਿਆ ਸੀ ਪਰ ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਅਧਿਕਾਰੀਆਂ ਨੇ ਇਸ ਚੁਣੌਤੀ ਦਾ ਵੀ ਸਾਹਮਣਾ ਕਰਦਿਆਂ ਬੱਚਿਆਂ ਤੱਕ ਆਨਲਾਇਨ ਮਾਧਿਅਮਾਂ ਰਾਹੀਂ ਪਹੁੰਚ ਬਣਾਈ। ਉਨਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ-ਨਾਲ ਸਿੱਖਿਆ ਵਿਭਾਗ ਦਾ ਆਮ ਸਮਾਜ ਨਾਲ ਨਾਤਾ ਹੋਰ ਵੀ ਗੂੜਾ ਹੋਇਆ ਹੈ ਕਿਉਕਿ ਬੱਚਿਆਂ ਨੂੰ ਪੜਾਉਣ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਰਾਹਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਨੇ ਕੀਤਾ ਟਵੀਟ, ਪੜ੍ਹੋ ਇਸ ਵਾਰ ਕਿਸ ‘ਤੇ ਲਾਇਆ ਨਿਸ਼ਾਨਾ ?

ਕਿਸਾਨ ਟਰੈਕਟਰ ਪਰੇਡ ‘ਚ ਜਾਨ ਗਵਾਉਣ ਵਾਲੇ ਨਵਰੀਤ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਈ ਪ੍ਰਿਯੰਕਾ ਗਾਂਧੀ