ਨਵੀਂ ਦਿੱਲੀ, 9 ਅਪ੍ਰੈਲ 2021 – ਯੂਨੀਵਰਸਿਟੀ ਆਫ਼ ਕੈਲਗਰੀ ਹੁਣ ਆਪਣੇ ਸਿੱਖ ਅਧਿਐਨ ਦੇ ਹੋਰ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਅਪ੍ਰੈਲ ਦੇ ਇਸ ‘ਸਿੱਖ ਹੈਰੀਟੇਜ ਮਹੀਨੇ’ ਦੌਰਾਨ ਯੂਨੀਵਰਸਿਟੀ ਆਫ਼ ਕੈਲਗਰੀ ਵੱਲੋਂ ਵੱਡੀ ਪਹਿਲਕਦਮੀ ਕਰਦਿਆਂ ਐਲਾਨ ਕੀਤਾ ਹੈ ਕਿ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ। ਇਹ ਪ੍ਰੋਗਰਾਮ ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲਾ ਪ੍ਰੋਗਰਾਮ ਹੋਵੇਗਾ।
ਯੂਨੀਵਰਸਿਟੀ ਆਰਟਸ ਫੈਕਲਟੀ ਦੇ ਡੀਨ ਰਿਚਰਡ ਸਿਗਰਡਸਨ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਿੱਖ ਧਰਮ ਤੋਂ ਇਲਾਵਾ ਸਿੱਖ ਇਤਿਹਾਸ, ਸੱਭਿਆਚਾਰ, ਸਾਹਿਤ, ਸਮਾਜਿਕ ਪਹਿਲੂਆਂ ਬਾਰੇ ਜਾਣਨ ਲਈ ਸਿੱਖ ਅਧਿਐਨ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਸਿੱਖ ਸਟੱਡੀਜ਼ ਵਿਚ ਤਿੰਨ ਸਾਲ ਦਾ ਕੋਰਸ ਮੁਹੱਈਆ ਕਰਵਾਉਣ, ਮੌਜੂਦਾ ਕੋਰਸਾਂ ਦੀ ਚੋਣ ਵਿਚ ਵਾਧਾ ਕਰਨ, ਇਸ ਖੇਤਰ ਵਿਚ ਖੋਜ ਕਾਰਜ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀ ਵਿੱਚ ‘ਚੇਅਰ ਆਫ ਸਿੱਖ ਸਟੱਡੀਜ਼’ ਵੀ ਸਥਾਪਿਤ ਕੀਤੀ ਜਾਵੇਗੀ। ਯੂਨੀਵਰਸਿਟੀ ਵੱਲੋਂ ਇਸ ਸਬੰਧ ਵਿਚ ਸਿੱਖ ਵਿਦਵਾਨਾਂ, ਖੋਜੀਆਂ ਅਤੇ ਹੋਰ ਬੁੱਧੀਜੀਵੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਇੱਕ ਅਨੁਮਾਨ ਅਨੁਸਾਰ ਕੈਨੇਡਾ ’ਚ 8 ਲੱਖ ਰਹਿ ਰਹੇ ਹਨ ਤੇ ਸਿੱਖ ਧਰਮ ਦੁਨੀਆ ਦੇ ਪੰਜਵਾਂ ਸਭ ਤੋਂ ਵੱਡਾ ਧਰਮ ਹੈ। ਨਵੇਂ ਕੋਰਸ ਸ਼ੁਰੂ ਕਰਨ ਲਈ ਢਾਈ ਲੱਖ ਡਾਲਰ ਇਕੱਠੇ ਜਾ ਰਹੇ ਹਨ। ਯੂਨੀਵਰਸਿਟੀ ਜਿੱਥੇ ਆਪਣੇ ਪੱਧਰ ਉੱਤੇ ਇਹ ਧਨ ਇਕੱਠਾ ਕਰ ਰਹੀ ਹੈ, ਉੱਥੇ ਸਮਾਜਕ ਭਾਈਚਾਰਿਆਂ ਨੂੰ ਵੀ ਇਸ ਮਾਮਲੇ ’ਚ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।