ਅਫਗਾਨਿਸਤਾਨ, 2 ਮਾਰਚ 2022 – ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਲੜਕੀਆਂ ਦੇ ਸੈਕੰਡਰੀ ਸਕੂਲ ਦੁਬਾਰਾ ਖੋਲ੍ਹਣ ਦੇ ਕੁਝ ਘੰਟਿਆਂ ਬਾਅਦ ਹੀ ਦੁਬਾਰਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਕ ਅਧਿਕਾਰੀ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਕਈ ਲੜਕੀਆਂ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ। ਤਾਲਿਬਾਨ ਦੇ ਬੁਲਾਰੇ ਇਨਾਮੁੱਲਾ ਸਮਾਨਗਾਨੀ ਨੇ ਪੁਸ਼ਟੀ ਕੀਤੀ, “ਹਾਂ, ਇਹ ਸੱਚ ਹੈ।”
ਤਾਲਿਬਾਨ ਦੇ ਬੁਲਾਰੇ ਨੇ ਇਸ ਦਾ ਕਾਰਨ ਨਹੀਂ ਦੱਸਿਆ, ਜਦਕਿ ਸਿੱਖਿਆ ਮੰਤਰਾਲੇ ਦੇ ਬੁਲਾਰੇ ਅਜ਼ੀਜ਼ ਅਹਿਮਦ ਰਿਆਨ ਨੇ ਕਿਹਾ, “ਸਾਨੂੰ ਇਸ ‘ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੈ।” AFP ਨਿਊਜ਼ ਏਜੰਸੀ ਦੀ ਇੱਕ ਟੀਮ ਰਾਜਧਾਨੀ ਕਾਬੁਲ ਦੇ ਜਰਘੋਨਾ ਹਾਈ ਸਕੂਲ ਵਿੱਚ ਸ਼ੂਟਿੰਗ ਕਰ ਰਹੀ ਸੀ, ਉਸੇ ਸਮੇਂ ਇੱਕ ਅਧਿਆਪਕ ਨੇ ਕਿਹਾ ਕਿ ਕਲਾਸ ਖਤਮ ਹੋ ਗਈ ਹੈ।
ਪਿਛਲੇ ਸਾਲ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਹੋਈ ਸੀ। ਇਸ ਤੋਂ ਬਾਅਦ ਸਕੂਲੀ ਸਿੱਖਿਆ ਤੋਂ ਲੈ ਕੇ ਵੱਖ-ਵੱਖ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਸੰਯੁਕਤ ਰਾਸ਼ਟਰ ਦੇ ਰਾਜਦੂਤ ਡੇਬੋਰਾਹ ਲਿਓਨ ਨੇ ਲੜਕੀਆਂ ਲਈ ਸਕੂਲ ਬੰਦ ਕਰਨ ਦੀਆਂ ਰਿਪੋਰਟਾਂ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ। ਉਸ ਨੇ ਟਵੀਟ ਕੀਤਾ, “ਜੇਕਰ ਇਹ ਸੱਚ ਹੈ, ਤਾਂ ਕੀ ਕਾਰਨ ਹੋ ਸਕਦਾ ਹੈ ?” ਤੁਹਾਨੂੰ ਦੱਸ ਦੇਈਏ ਕਿ ਜਦੋਂ ਤਾਲਿਬਾਨ ਨੇ ਪਿਛਲੇ ਸਾਲ ਅਗਸਤ ‘ਚ ਸੱਤਾ ਸੰਭਾਲੀ ਸੀ, ਕੋਵਿਡ-19 ਮਹਾਮਾਰੀ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਸਨ, ਪਰ ਸਿਰਫ ਛੋਟੀਆਂ ਜਮਾਤਾਂ ਦੇ ਲੜਕਿਆਂ ਅਤੇ ਲੜਕੀਆਂ ਨੂੰ ਦੋ ਮਹੀਨਿਆਂ ਬਾਅਦ ਦੁਬਾਰਾ ਕਲਾਸਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਜਦੋਂ ਤੋਂ ਤਾਲਿਬਾਨ ਸੱਤਾ ਵਿੱਚ ਆਇਆ ਹੈ, ਇਹ ਡਰ ਸੀ ਕਿ ਤਾਲਿਬਾਨ ਕੁੜੀਆਂ ਲਈ ਸਾਰੀਆਂ ਰਸਮੀ ਸਿੱਖਿਆ ਬੰਦ ਕਰ ਦੇਣਗੇ, ਜਿਵੇਂ ਕਿ ਉਨ੍ਹਾਂ ਨੇ 1996 ਤੋਂ 2001 ਤੱਕ ਸੱਤਾ ਵਿੱਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤਾ ਸੀ। ਅੰਤਰਰਾਸ਼ਟਰੀ ਭਾਈਚਾਰੇ ਨੇ ਨਵੀਂ ਤਾਲਿਬਾਨ ਸ਼ਾਸਨ ਦੀ ਸਹਾਇਤਾ ਅਤੇ ਮਾਨਤਾ ਬਾਰੇ ਗੱਲਬਾਤ ਵਿੱਚ ਸਿੱਖਿਆ ਦੇ ਅਧਿਕਾਰ ਨੂੰ ਇੱਕ ਮੁੱਖ ਬਿੰਦੂ ਬਣਾਇਆ ਹੈ। ਕਈ ਦੇਸ਼ਾਂ ਅਤੇ ਸੰਸਥਾਵਾਂ ਨੇ ਅਧਿਆਪਕਾਂ ਨੂੰ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ।