- ਅਦਾਲਤ ਨੇ ਸੁਣਾਈ 2 ਮਹੀਨੇ ਦੀ ਕੈਦ
- ਸ਼ਰਾਬ ਦੇ ਨਸ਼ੇ ਵਿੱਚ ਆਟੋ ਨੂੰ ਮਾਰ ਦਿੱਤੀ ਸੀ ਟੱਕਰ
- ਇਸ ਘਟਨਾ ‘ਚ ਇਕ ਔਰਤ ਹੋਈ ਸੀ ਜ਼ਖਮੀ
ਮੁੰਬਈ, 22 ਅਕਤੂਬਰ 2023 – 65 ਸਾਲਾ ਬਾਲੀਵੁਡ ਅਦਾਕਾਰ ਦਲੀਪ ਤਾਹਿਲ ਦੇ ਕਰੀਬ ਪੰਜ ਸਾਲ ਪੁਰਾਣੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ਅੱਜ ਫੈਸਲਾ ਆਇਆ ਹੈ। ਦਲੀਪ ਤਾਹਿਲ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਪੂਰੀ ਘਟਨਾ ਸਾਲ 2018 ਦੀ ਹੈ, ਜਦੋਂ ਦਲੀਪ ਤਾਹਿਲ ਨੇ ਸ਼ਰਾਬ ਪੀ ਕੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ‘ਚ ਇਕ ਔਰਤ ਵੀ ਜ਼ਖਮੀ ਹੋ ਗਈ ਸੀ।
ਅਦਾਲਤ ਨੇ ਡਾਕਟਰ ਦੀ ਰਿਪੋਰਟ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਡਾਕਟਰ ਦੀ ਰਿਪੋਰਟ ‘ਤੇ ਭਰੋਸਾ ਕਰਦੇ ਹੋਏ, ਸਜ਼ਾ ਸੁਣਾਈ ਹੈ। ਰਿਪੋਰਟ ਅਨੁਸਾਰ ਅਭਿਨੇਤਾ ਤੋਂ ਸ਼ਰਾਬ ਦੀ ਗੰਧ ਆਉਣਾ, ਅਭਿਨੇਤਾ ਨਸ਼ੇ ਕਾਰਨ ਠੀਕ ਤਰ੍ਹਾਂ ਨਾਲ ਚੱਲਣ ਤੋਂ ਅਸਮਰੱਥ ਸੀ, ਪੁਤਲੀਆਂ ਵੀ ਚੜ੍ਹੀਆਂ ਹੋਈਆਂ ਸੀ ਅਤੇ ਸਹੀ ਢੰਗ ਨਾਲ ਬੋਲਣ ਤੋਂ ਅਸਮਰੱਥ ਸੀ।
ਦਰਅਸਲ ਇਹ ਸਾਰਾ ਮਾਮਲਾ 5 ਸਾਲ ਪੁਰਾਣਾ 2018 ਦਾ ਹੈ। ਉਸ ਸਮੇਂ ਅਦਾਕਾਰ ਦਿਲੀਪ ਤਾਹਿਲ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਇਕ ਆਟੋ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਦਾ ਦੋਸ਼ ਸੀ। ਹਾਦਸੇ ਵਿੱਚ ਆਟੋ ਵਿੱਚ ਸਵਾਰ ਔਰਤ ਜ਼ਖ਼ਮੀ ਹੋ ਗਈ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਪਰ ਮਾਮਲਾ ਜਾਰੀ ਸੀ। ਅਜਿਹੇ ‘ਚ ਹੁਣ ਇਸ ਮਾਮਲੇ ਦਾ ਫੈਸਲਾ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਲੀਪ ਆਟੋ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਇੱਕ ਹਿੰਦੀ ਨਿਊਜ਼ ਵੈੱਬ ਸਾਈਟ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਉਸ ਸਮੇਂ ਮੁੰਬਈ ਦੇ ਖਾਰ ਥਾਣੇ ਦੇ ਇੱਕ ਇੰਸਪੈਕਟਰ ਨੇ ਕਿਹਾ ਸੀ ਕਿ ਦਲੀਪ ਤਾਹਿਲ ਨੇ ਖੂਨ ਦੀ ਜਾਂਚ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲੀਸ ਨੇ ਘਟਨਾ ਵਿੱਚ ਜ਼ਖ਼ਮੀ ਹੋਏ ਤਿੰਨਾਂ ਵਿਅਕਤੀਆਂ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਦਲੀਪ ਨੂੰ ਸ਼ਰਾਬ ਪੀ ਕੇ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦਲੀਪ ਤਾਹਿਲ ‘ਬਾਜ਼ੀਗਰ’, ‘ਰਾਜਾ’, ‘ਇਸ਼ਕ’, ‘ਰਾ.ਵਨ’, ‘ਕਹੋ ਨਾ ਪਿਆਰ ਹੈ’ ਅਤੇ ‘ਸੋਲਜਰ’ ਵਰਗੀਆਂ ਕਈ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ।