- 84 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਮੁੰਬਈ, 21 ਅਕਤੂਬਰ 2025 – ਬਲਾਕਬਸਟਰ ਫਿਲਮ ‘ਸ਼ੋਲੇ’ ਵਿੱਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਨਿਭਾਉਣ ਵਾਲੇ ਗੋਵਰਧਨ ਅਸਰਾਨੀ ਦਾ 84 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਦੁਪਹਿਰ 1 ਵਜੇ ਦੇਹਾਂਤ ਹੋ ਗਿਆ। ਅਦਾਕਾਰ ਨੂੰ ਚਾਰ ਦਿਨ ਪਹਿਲਾਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਮੈਨੇਜਰ, ਬਾਬੂਭਾਈ ਥੀਬਾ ਨੇ ਅਦਾਕਾਰ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਬਾਬੂਭਾਈ ਥੀਬਾ ਨੇ ਦੱਸਿਆ ਕਿ ਆਪਣੀ ਮੌਤ ਤੋਂ ਪਹਿਲਾਂ, ਅਸਰਾਨੀ ਨੇ ਆਪਣੀ ਪਤਨੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦੀ ਮੌਤ ਕਿਸੇ ਨੂੰ ਨਾ ਦੱਸੀ ਜਾਵੇ। ਉਹ ਕੋਈ ਹੰਗਾਮਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸਾਰਿਆਂ ਨੂੰ ਅੰਤਿਮ ਸਸਕਾਰ ਤੋਂ ਬਾਅਦ ਹੀ ਸੂਚਿਤ ਕੀਤਾ ਜਾਵੇ। ਇਸ ਲਈ ਉਨ੍ਹਾਂ ਦੇ ਅੰਤਿਮ ਸਸਕਾਰ ਉਨ੍ਹਾਂ ਦੀ ਮੌਤ ਤੋਂ ਤੁਰੰਤ ਬਾਅਦ ਸਾਂਤਾਕਰੂਜ਼ ਦੇ ਸ਼ਾਂਤੀਨਗਰ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿਸ ਵਿੱਚ ਸਿਰਫ਼ 15-20 ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ।
ਮੌਤ ਤੋਂ ਕੁਝ ਘੰਟੇ ਪਹਿਲਾਂ ਸੋਮਵਾਰ ਦੁਪਹਿਰ ਨੂੰ, ਗੋਵਰਧਨ ਅਸਰਾਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ ਤੋਂ ਇੱਕ ਪੋਸਟ ਜਾਰੀ ਕੀਤੀ ਗਈ, ਜਿਸ ਵਿੱਚ ਉਸਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ।

ਅਸਰਾਨੀ ਆਪਣੇ ਅਭਿਨੈ ਕਰੀਅਰ ਵਿੱਚ ਲਗਭਗ 350 ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਇਨ੍ਹਾਂ ਵਿੱਚ ਸ਼ੋਲੇ, ਅਭਿਮਾਨ, ਚੁਪਕੇ ਚੁਪਕੇ, ਛੋਟੀ ਸੀ ਬਾਤ, ਅਤੇ ਭੁੱਲ ਭੁਲਈਆ ਸ਼ਾਮਲ ਹਨ। ਫਿਲਮ ਸ਼ੋਲੇ ਵਿੱਚ ਅਸਰਾਨੀ ਦਾ ਡਾਇਲਾਗ, “ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲ੍ਹਰ ਹੈਂ,” ਬਹੁਤ ਹਿੱਟ ਹੋਇਆ ਸੀ।
