ਮੁੰਬਈ, 13 ਅਕਤੂਬਰ 2024 – ਸਲਮਾਨ ਖ਼ਾਨ ਦੇ ਕਰੀਬੀ ਦੋਸਤ ਅਤੇ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਹੁਣ ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਕਤਲ ਨੇ ਪੂਰੇ ਦੇਸ਼ ‘ਚ ਸਨਸਨੀ ਮਚਾ ਦਿੱਤੀ ਹੈ ਅਤੇ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਹੁਣ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਖ਼ਤ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਉਸ ਦੇ ਘਰ ਦੇ ਬਾਹਰ ਬੈਰੀਕੇਡ ਲੱਗੇ ਹੋਏ ਹਨ। ਸਲਮਾਨ ਦੇ ਘਰ ਦੇ ਬਾਹਰ ਜਾਂ ਨੇੜੇ ਕਿਸੇ ਵੀ ਵਾਹਨ ਨੂੰ ਨਹੀਂ ਰੁਕਣ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸਲਮਾਨ ਦੇ ਨਿੱਜੀ ਸੁਰੱਖਿਆ ਗਾਰਡ ਵੀ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਹਨ। ਬਾਬਾ ਸਿੱਦੀਕੀ ਦੇ ਕਤਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਫਿਲਹਾਲ ਇਹ ਸਿਰਫ ਅੰਦਾਜ਼ਾ ਹੈ, ਕਿਉਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਬਾ ਸਿੱਦੀਕੀ ‘ਤੇ ਗੋਲੀ ਕਿਸ ਨੇ ਚਲਾਈ ਪਰ ਇਸ ਦੌਰਾਨ ਸਲਮਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।
ਸਲਮਾਨ ਨੂੰ ਲੀਲਾਵਤੀ ਹਸਪਤਾਲ ਜਾਣ ਤੋਂ ਵੀ ਮਨਾਂ ਕਰ ਦਿੱਤਾ ਗਿਆ ਸੀ, ਪਰ ਆਪਣੇ ਦੋਸਤ ਬਾਬਾ ਸਿੱਦੀਕੀ ਦੇ ਕਤਲ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਸਲਮਾਨ ਦੇਰ ਰਾਤ 2.30 ਵਜੇ ਹਸਪਤਾਲ ਪਹੁੰਚੇ। ਉਸ ਦੇ ਨਾਲ ਭਾਰੀ ਸੁਰੱਖਿਆ ਅਤੇ ਗਾਰਡ ਸਨ।