ਨਵੀਂ ਦਿੱਲੀ, 2 ਨਵੰਬਰ 2022 – ਅਮਰੀਕੀ ਰੈਪਰ ਟੇਕਆਫ ਦੀ ਹਿਊਸਟਨ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਰੈਪਰ ਟੇਕਆਫ ਗਰੈਮੀ ਐਵਾਰਡ ਨਾਮਜ਼ਦਗੀ ਹਾਸਲ ਕਰ ਚੁੱਕਿਆ ਸੀ ਤੇ ਉਸ ਨੇ ਆਪਣੇ ਕਰੀਅਰ ‘ਚ ਕਈ ਸੁਪਰਹਿੱਟ ਰੈਪ ਹਾਲੀਵੁਡ ਇੰਡਸਟਰੀ ਨੂੰ ਦਿੱਤੇ। ਉਹ 28 ਸਾਲਾਂ ਦਾ ਸੀ।
ਟੇਕਆਫ ਦੇ ਇੱਕ ਪ੍ਰਤੀਨਿਧੀ ਨੇ ਉਸਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਖ਼ਬਰਾਂ ਮੁਤਾਬਕ, ਡਾਈਸ ਗੇਮ ਦੌਰਾਨ ਝਗੜਾ ਹੋਇਆ ਸੀ ਅਤੇ ਇਸ ਤੋਂ ਬਾਅਦ ਟੇਕਆਫ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ Fox5 ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਸ਼ੂਟਿੰਗ ਦੌਰਾਨ ਬੌਲਿੰਗ ਐਲੀ ‘ਚ ਕਰੀਬ 50 ਲੋਕ ਮੌਜੂਦ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੇਕਆਫ ਨੂੰ “ਜਾਂ ਤਾਂ ਸਿਰ ਵਿੱਚ ਜਾਂ ਉਸਦੇ ਸਿਰ ਦੇ ਨੇੜੇ” ਗੋਲੀ ਮਾਰੀ ਗਈ ਹੈ। ਇਸ ਕਾਰਨ ਰੈਪਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਘਟਨਾ ‘ਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਮੁਲਜ਼ਮਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਰੈਪਰ ਦੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਦੀ ਲਹਿਰ ਹੈ ਅਤੇ ਟਵਿੱਟਰ ‘ਤੇ RIP Takeoff ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਘਟਨਾ ਦੁਪਹਿਰ 2.30 ਵਜੇ ਦੀ ਹੈ।