ਬਠਿੰਡਾ, 23 ਫਰਵਰੀ 2022 – ਬਠਿੰਡਾ ਦੀ ਇਕ ਅਦਾਲਤ ਵਲੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰਦੇ ਹੋਏ 19 ਅਪ੍ਰੈਲ ਨੂੰ ਬਠਿੰਡਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਉਕਤ ਬਾਲੀਵੁੱਡ ਅਦਾਕਾਰਾ ਵਲੋਂ ਕਿਸਾਨ ਔਰਤਾਂ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ 100-100 ਰੁਪਏ ਦਿਹਾੜੀ ਲੈ ਕੇ ਅੰਦੋਲਨ ‘ਚ ਸ਼ਾਮਿਲ ਹੋਣਾ ਦੱਸਿਆ ਗਿਆ ਸੀ।
ਕੰਗਣਾ ਖਿਲਾਫ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਔਰਤ ਮਹਿੰਦਰ ਕੌਰ ਨੇ ਆਪਣੇ ਵਕੀਲ ਐਡਵੋਕੇਟ ਰਘਵੀਰ ਸਿੰਘ ਰਾਹੀਂ ਸ਼ਕਾਇਤ ਦਰਜ ਕਰਵਾਈ ਸੀ। ਮਾਮਲਾ ਉਸ ਟਵੀਟ ਨਾਲ ਜੁੜਿਆ ਹੋਇਆ ਹੈ ਜਿਸ ’ਚ ਕੰਗਣਾ ਰਣੌਤ ਨੇ ਮਾਤਾ ਮਹਿੰਦਰ ਕੌਰ ਦੀ ਫੋਟੋ ਸਾਹਿਤ ਸੌ ਸੌ ਰੁਪਿਆ ਲੈਕੇ ਖੇਤੀ ਕਾਨੂੰਨਾਂ ਖਿਲਾਫ ਸ਼ਾਮਲ ਵਾਲੀ ਆਖਿਆ ਸੀ। ਕਿਸਾਨ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਵੀਰ ਸਿੰਘ ਨੇ ਦੱਸਿਆ ਕਿ ਕੰਗਣਾ ਰਣਾਵਤ ਖਿਲਾਫ ਕੇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਸ ਤਹਿਤ ਅਦਾਕਾਰਾ ਨੂੰ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤਰੀਕ ’ਤੇ ਕੰਗਣਾ ਰਣੌਤ ਨੂੰ ਹਰ ਹਾਲਤ ’ਚ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਦੱਸਣਯੋਗ ਹੈ ਕਿ ਜਦੋਂ ਮਾਤਾ ਮਹਿੰਦਰ ਕੌਰ ਨੂੰ ਸੌ ਸੌ ਰੁਪਏ ਲੈ ਕੇ ਕਿਸਾਨ ਸੰਘਰਸ਼ ਦੌਰਾਨ ਧਰਨੇ ’ਚ ਸ਼ਾਮਲ ਹੋਣ ਵਾਲੀ ਔਰਤ ਦੱਸਿਆ ਸੀ ਤਾਂ ਕਿਸਾਨ ਜੱਥੇਬੰਦੀਆਂ ’ਚ ਕੰਗਣਾ ਰਣੌਤ ਖਿਲਾਫ ਰੋਹ ਭੜਕ ਗਿਆ ਸੀ। ਕੁੱਝ ਜੱਥੇਬੰਦੀਆਂ ਨੇ ਇਸ ਅਦਾਕਾਰਾ ਨੂੰ ਮੁਆਫੀ ਮੰਗਣ ਲਈ ਕਿਹਾ ਸੀ ਪਰ ਜਦੋਂ ਕੰਗਣਾ ਰਣਾਵਤ ਟੱਸ ਤੋਂ ਮੱਸ ਨਾਂ ਹੋਈ ਤਾਂ ਅਦਾਲਤ ’ਚ ਮਾਹਾਨੀ ਦਾ ਕੇਸ ਦਾਇਰ ਕੀਤਾ ਸੀ। ਹੁਣਇਸੇ ਮਾਮਲੇ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਕੰਗਨਾ ਰਣੌਤ ਖਿਲਾਫ ਨੋਟਿਸ ਜਾਰੀ ਕਰਦਿਆਂ ਉਸ ਨੂੰ 19 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।