ਮੁੰਬਈ, 8 ਜਨਵਰੀ 2025 – ਸਲਮਾਨ ਖਾਨ ਦੇ ਘਰ ‘ਚ ਬੁਲੇਟ ਪਰੂਫ ਦੀਵਾਰ ਬਣਾਈ ਗਈ ਹੈ। ਪਿਛਲੇ ਸਾਲ ਅਪ੍ਰੈਲ ਵਿੱਚ, ਲਾਰੈਂਸ ਗੈਂਗ ਨਾਲ ਜੁੜੇ ਬਦਮਾਸ਼ਾਂ ਨੇ ਮੁੰਬਈ ਵਿੱਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਕੀਤੀ ਸੀ। ਉਦੋਂ ਸਲਮਾਨ ਦੇ ਘਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਹੁਣ ਉਨ੍ਹਾਂ ਦੀ ਬਾਲਕੋਨੀ ਅਤੇ ਖਿੜਕੀਆਂ ਬੁਲੇਟ ਪਰੂਫ ਕੀਤੀਆਂ ਗਈਆਂ ਹਨ।
ਸਲਮਾਨ ਦੇ ਗਲੈਕਸੀ ਅਪਾਰਟਮੈਂਟ ‘ਚ ਕੁਝ ਸਮੇਂ ਤੋਂ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਹੁਣ ਅਪਾਰਟਮੈਂਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਦੀ ਬਾਲਕੋਨੀ ਅਤੇ ਖਿੜਕੀਆਂ ਬੁਲੇਟ ਪਰੂਫ ਸ਼ੀਸ਼ੇ ਨਾਲ ਦਿਖਾਈ ਦੇ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਸਲਮਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਹਾਈਟੈਕ ਬਣਾਇਆ ਗਿਆ ਹੈ। ਘਰ ਦੇ ਆਲੇ-ਦੁਆਲੇ ਹਾਈ ਰੈਜ਼ੋਲਿਊਸ਼ਨ ਵਾਲੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
ਸਲਮਾਨ ਖਾਨ ਗਲੈਕਸੀ ਅਪਾਰਟਮੈਂਟ ਦੀ ਗਰਾਊਂਡ ਫਲੋਰ ‘ਤੇ 1BHK ‘ਚ ਰਹਿੰਦੇ ਹਨ, ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਇਸ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ‘ਤੇ ਰਹਿੰਦੇ ਹਨ।
8 ਮਹੀਨੇ ਪਹਿਲਾਂ 14 ਅਪ੍ਰੈਲ ਨੂੰ ਸਵੇਰੇ 5 ਵਜੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਚ 7.6 ਬੋਰ ਦੀ ਬੰਦੂਕ ਤੋਂ 4 ਰਾਉਂਡ ਫਾਇਰ ਕੀਤੇ ਗਏ ਸਨ। ਫਾਇਰਿੰਗ ਕਰਨ ਵਾਲੇ ਵਿਅਕਤੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਗੋਲੀਬਾਰੀ ਉਸੇ ਕੰਧ ‘ਤੇ ਹੋਈ, ਜਿਸ ਤੋਂ ਥੋੜ੍ਹੀ ਦੂਰੀ ‘ਤੇ ਸਲਮਾਨ ਦੀ ਬਾਲਕੋਨੀ ਹੈ, ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਆਉਂਦੇ ਹਨ।
ਫੋਰੈਂਸਿਕ ਮਾਹਿਰਾਂ ਨੂੰ ਮੌਕੇ ਤੋਂ ਜ਼ਿੰਦਾ ਕਾਰਤੂਸ ਮਿਲਿਆ ਸੀ। ਲਾਰੈਂਸ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।