- ਵੀਡੀਓ ‘ਚ ਲਿਖਿਆ – “ਲੈਜੇਂਡ ਨੇਵਰ ਡਾਈ”
ਮਾਨਸਾ, 29 ਜੁਲਾਈ 2023 – ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਭੁੱਲੇ ਨਹੀਂ ਹਨ, ਉਥੇ ਅੰਤਰਰਾਸ਼ਟਰੀ ਗਾਇਕ ਵੀ ਸਿੱਧੂ ਨੂੰ ਉਸ ਦੀ ਮੌਤ ਦੇ ਇਕ ਸਾਲ ਬਾਅਦ ਵੀ ਆਪਣੇ ਦਿਲਾਂ ‘ਚੋਂ ਨਹੀਂ ਕੱਢ ਸਕੇ ਹਨ। ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਇੱਕ ਵਾਰ ਫਿਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵਾਰ ਬਰਨਾ ਬੁਆਏ ਨੇ ਇਹ ਸ਼ਰਧਾਂਜਲੀ ਕਿਸੇ ਵੀ ਸਟੇਜ ‘ਤੇ ਨਹੀਂ ਦਿੱਤੀ, ਉਸ ਨੇ ਆਪਣੇ ਨਵੇਂ ਗੀਤ ‘ਚ ਸਿੱਧੂ ਨੂੰ ਰੈਸਟ ਇਨ ਪੀਸ (RIP) ਕਿਹਾ ਹੈ।
ਦਰਅਸਲ, ਬਰਨਾ ਬੁਆਏ ਦਾ ਨਵਾਂ ਗੀਤ (ਬਿੱਗ-7) ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਬਰਨਾ ਬੁਆਏ ਦੂਜੇ ਪੈਰਾ ਵਿੱਚ ਗਾਉਂਦਾ ਹੈ – ‘ਆਲ ਰਾਈਟ, RIP ਟੂ ਸਿੱਧੂ। ਇਸ ਦੇ ਨਾਲ ਹੀ ਗੀਤ ‘ਚ ਕੰਧ ‘ਤੇ ਸਿੱਧੂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸ ‘ਤੇ The Legend Never Die ਵੀ ਲਿਖਿਆ ਹੋਇਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਸਿੱਧੂ ਦੇ ਕਤਲ ਤੋਂ ਬਾਅਦ ਬਰਨਾ ਬੁਆਏ ਸਟੇਜ ਸ਼ੋਅ ਦੌਰਾਨ ਭਾਵੁਕ ਹੋ ਗਿਆ ਸੀ। RIP ਸਿੱਧੂ ਬੋਲਦੇ ਹੋਏ, ਉਹ ਰੋ ਪਿਆ ਸੀ, ਮੂਸੇਵਾਲਾ ਸਟਾਈਲ ਵਿੱਚ ਆਪਣੇ ਪੱਟ ਨੂੰ ਮਾਰਦੇ ਹੋਏ, ਹਵਾ ਵਿੱਚ ਆਪਣਾ ਹੱਥ ਖੜ੍ਹਾ ਕੀਤਾ ਸੀ।
ਆਪਣੇ ਬੇਟੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਲਕੌਰ ਸਿੰਘ ਦਾ ਪਹਿਲਾ ਦੌਰਾ ਇੰਗਲੈਂਡ ਦਾ ਸੀ, ਜਿੱਥੇ ਉਹ ਬਰਨਾ ਬੁਆਏ ਉਨ੍ਹਾਂ ਨੂੰ ਮਿਲਿਆ ਸੀ। ਬਲਕੌਰ ਸਿੰਘ ਨੂੰ ਮਿਲ ਕੇ ਬਰਨਾ ਬੁਆਏ ਇੰਨਾ ਭਾਵੁਕ ਹੋ ਗਿਆ ਕਿ ਸਾਰੇ ਟ੍ਰਿਪ ਦੌਰਾਨ ਉਨ੍ਹਾਂ ਦੇ ਨਾਲ ਹੀ ਰਿਹਾ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਗੀਤ ‘ਮੇਰਾ ਨਾ’ ਰਿਲੀਜ਼ ਹੋਇਆ, ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਬਰਨਾ ਬੁਆਏ ਦਾ ਹੈ।
ਸਿੱਧੂ ਮੂਸੇਵਾਲਾ ਨੂੰ ਯਾਦ ਕਰਨ ਵਾਲੇ ਅੰਤਰਰਾਸ਼ਟਰੀ ਰੈਪਰਾਂ ਵਿੱਚੋਂ ਬਰਨਾ ਬੁਆਏ ਇਕੱਲਾ ਨਹੀਂ ਹੈ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਅੰਤਰਰਾਸ਼ਟਰੀ ਰੈਪਰ ਸਟੀਫਲਨ ਡੌਨ ਅਤੇ ਟੀਓਨ ਵੇਨ ਵੀ ਉਨ੍ਹਾਂ ਦੇ ਪਿੰਡ ਪਹੁੰਚੇ ਸਨ। ਪਿੰਡ ਮੂਸੇਵਾਲਾ ਦੀ ਹਵੇਲੀ ਵਿੱਚ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਰਹਿੰਦਾ ਸੀ।
ਇਸ ਦੇ ਨਾਲ ਹੀ ਸਿੱਧੂ ਦੇ ਪ੍ਰਸ਼ੰਸ਼ਕਾਂ ਦੀ ਇਸ ਲਿਸਟ ‘ਚ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਨਾਂ ਵੀ ਆਉਂਦਾ ਹੈ। ਉਨ੍ਹਾਂ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਆਪਣੀ ਪਹਿਲੀ ਬਰਸੀ ਮੌਕੇ ਸਿੱਧੂ ਮੂਸੇਵਾਲਾ ਨੂੰ ਇੱਕ ਗੀਤ ਸਮਰਪਿਤ ਕੀਤਾ। ਕੱਵਾਲੀ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਸ ਕੱਵਾਲੀ ਨੂੰ ਉਨ੍ਹਾਂ ਦੀ ਬਰਸੀ ਨੂੰ ਸਮਰਪਿਤ ਕਰ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਸਟੇਜ ‘ਤੇ ਆਪਣੀ ਕਵਾਲੀ ‘ਮੂਸੇਵਾਲਿਆ ਤੈਨੂ ਅੱਖੀਆਂ ਉਡੀਕਦੀਆਂ’ ਗਾਈ ਸੀ।