ਮੁੰਬਈ, 24 ਅਕਤੂਬਰ 2024 – ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਦੀ ਵਰਲੀ ਪੁਲਸ ਨੇ ਉਸ ਨੂੰ ਜਮਸ਼ੇਦਪੁਰ, ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਹਫ਼ਤੇ ਮੁੰਬਈ ਟਰੈਫਿਕ ਪੁਲਸ ਨੂੰ ਸਲਮਾਨ ਦੇ ਸਬੰਧ ‘ਚ ਧਮਕੀ ਭਰਿਆ ਸੰਦੇਸ਼ ਮਿਲਿਆ ਸੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹੁਣ ਜਮਸ਼ੇਦਪੁਰ ਦੀ ਸਥਾਨਕ ਪੁਲਸ ਦੀ ਮਦਦ ਨਾਲ ਸੰਦੇਸ਼ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਰਲੀ ਪੁਲਸ ਦੀ ਟੀਮ ਹਿਰਾਸਤ ‘ਚ ਲਏ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। ਅਗਲੇਰੀ ਕਾਰਵਾਈ ਲਈ ਉਸ ਨੂੰ ਮੁੰਬਈ ਲਿਆਂਦਾ ਜਾਵੇਗਾ। ਮੁੰਬਈ ਟ੍ਰੈਫਿਕ ਪੁਲਸ ਦੀ ਵਟਸਐਪ ਹੈਲਪਲਾਈਨ ‘ਤੇ ਧਮਕੀ ਭਰਿਆ ਸੰਦੇਸ਼ ਮਿਲਣ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਧਮਕੀ ਭਰਿਆ ਸੰਦੇਸ਼ ਝਾਰਖੰਡ ਦੇ ਇੱਕ ਨੰਬਰ ਤੋਂ ਭੇਜਿਆ ਗਿਆ ਸੀ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਝਾਰਖੰਡ ਭੇਜੀਆਂ।
ਅਭਿਨੇਤਾ ਸਲਮਾਨ ਨੂੰ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਵਿਅਕਤੀ ਦੀ ਭਾਲ ‘ਚ ਮੁੰਬਈ ਪੁਲਸ ਨੇ ਝਾਰਖੰਡ ‘ਚ ਉਸ ਨੰਬਰ ਨੂੰ ਟਰੈਕ ਕੀਤਾ। ਮੁਲਜ਼ਮ ਜਮਸ਼ੇਦਪੁਰ ਦਾ ਰਹਿਣ ਵਾਲਾ ਸਬਜ਼ੀ ਵੇਚਣ ਵਾਲਾ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ੇਖ ਹੁਸੈਨ ਸ਼ੇਖ ਮੌਸੀਨ ਵਜੋਂ ਹੋਈ ਹੈ। ਦੋਸ਼ੀ ਦੀ ਉਮਰ 24 ਸਾਲ ਹੈ ਅਤੇ ਜਮਸ਼ੇਦਪੁਰ ‘ਚ ਸਬਜ਼ੀ ਵੇਚਦਾ ਹੈ।