ਕਪੂਰਥਲਾ, 11 ਅਗਸਤ, 2023: ਗਾਣਿਆਂ ਵਿਚ ਹਥਿਆਰਾਂ ਨੂੰ ਪ੍ਰੋਮੋਟ ਕਰਨ ਅਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਸਮੇਤ 5 ਹੋਰਨਾਂ ਖਿਲਾਫ ਕਪੂਰਥਲਾ ਥਾਣਾ ਸਿਟੀ ਪੁਲਿਸ ਨੇ ਧਾਰਾ 294, 120 ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸ਼ਿਕਾਇਤ ਭੀਮਰਾਓ ਯੁਵਾ ਫੋਰਸ ਦੇ ਪ੍ਰਧਾਨ ਅਮਨਦੀਪ ਸਹੋਤਾ ਨੇ ਕੀਤੀ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮਨਪ੍ਰੀਤ ਸਿੰਘ ਉਰਫ ਸਿੰਗਾ ਨਿਵਾਸੀ ਪਿੰਡ ਜਾਗਣੀਵਾਲ ਹੁਸ਼ਿਆਰਪੁਰ ਜੋ ਪਹਿਲਾਂ ਵੀ ਗਾਣਿਆਂ ਵਿਚ ਹਥਿਆਰਾਂ ਨੂੰ ਪ੍ਰੋਮੋਟ ਕਰ ਕੇ ਨੌਜਵਾਨਾਂ ਨੂੰ ਗਲਤ ਰਸਤੇ ਪੈਣ ਲਈ ਉਕਸਾ ਰਿਹਾ ਹੈ।
ਹੁਣ ਫਿਰ ਤੋਂ ਸਿੰਗਾ ਨੇ ਆਪਣੀ ਟੀਮ ਦੇ ਪ੍ਰੋਡਿਊਸਰ ਬਿਗ ਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਡੀ ਓ ਪੀ ਵਰੁਣ ਵਰਮਾ ਉਰਫ ਸੋਨੂੰ ਗਿੱਲ ਤੇ ਐਡੀਟਿੰਗ ਐਡੀਟਰ ਜਤਿਨ ਅਰੋੜਾ ਨਾਲ ਮਿਲ ਕੇ ਨਵਾਂ ਗਾਣਾ ‘ਸਟਿਲ ਅਲਾਈਵ’ ਇਕ ਮਹੀਨਾ ਪਹਿਲਾਂ ਲਾਂਚ ਕੀਤਾ ਹੈ ਜੋ ਪੰਜਾਬੀ ਚੈਨਲਾਂ ’ਤੇ ਚਲ ਰਿਹਾ ਹੈ।
ਇਸ ਵਿਚ ਪੂਰੀ ਅਸ਼ਲੀਲਤਾ ਤੇ ਇਤਰਾਜ਼ਯੋਗ ਸ਼ਬਦ ਵਰਤੇ ਗਏ ਹਨ ਤੇ ਸ਼ਰ੍ਹੇਆਮ ਅਸ਼ਲੀਲਤਾ ਫੈਲਾਈ ਜਾ ਰਹੀ ਹੈ। ਅਜਿਹੇ ਗੀਤ ਪਰਿਵਾਰ ਵਿਚ ਸੁਣਨ ਯੋਗ ਨਹੀਂ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਗਾਇਕ ਸਮੇਤ ਪੰਜ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਹੈ।