ਸਿੱਧੂ ਮੂਸੇਵਾਲਾ ਨੂੰ ਕੋਰਟ ਨੇ ਭੇਜਿਆ ਨੋਟਿਸ, ਪੜ੍ਹੋ ਕਿਉਂ ?

ਮਾਨਸਾ, 16 ਫਰਵਰੀ 2022 – ਵਿਵਾਦਿਤ ਗੀਤਾਂ ਨਾਲ ਚਰਚਾ ‘ਚ ਰਹਿਣ ਵਾਲੇ ਪੰਜਾਬੀ ਗਾਇਕ ਅਤੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਇੱਕ ਸਿਵਲ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ ਨੇ ਸਿੱਧੂ ਮੂਸੇਵਾਲਾ ਤੋਂ ਇਸ ਦਾ ਜਵਾਬ 2 ਮਾਰਚ ਤੱਕ ਮੰਗਿਆ ਹੈ।

ਇਹ ਪਟੀਸ਼ਨ ਜ਼ਿਲ੍ਹਾ ਅਦਾਲਤ ਦੇ ਵਕੀਲ ਸੁਨੀਲ ਮੱਲਣ ਵੱਲੋਂ ਦਾਇਰ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਗੀਤ ਸੰਜੂ ਵਿੱਚ ਵਕੀਲਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਅਜਿਹੇ ‘ਚ ਉਨ੍ਹਾਂ ਨੇ ਜਾਣਬੁੱਝ ਕੇ ਵਕੀਲ ਭਾਈਚਾਰੇ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੰਮ ਕੀਤਾ ਹੈ। ਮੂਸੇਵਾਲਾ ਨੇ ਜਾਣਬੁੱਝ ਕੇ ਗਲਤ ਇਰਾਦੇ ਨਾਲ ਇਹ ਗੀਤ ਕੱਢਿਆ ਅਤੇ ਨਿਆਂ ਪ੍ਰਣਾਲੀ ਦਾ ਅਕਸ ਖਰਾਬ ਕਰਨ ਦਾ ਕੰਮ ਕੀਤਾ।

ਮੰਗ ਕੀਤੀ ਗਈ ਹੈ ਕਿ ਮੂਸੇਵਾਲਾ ਨੂੰ ਹੁਕਮ ਜਾਰੀ ਕੀਤਾ ਜਾਵੇ ਕਿ ਸੰਜੂ ਗੀਤ ਤੋਂ ਕਮਾਏ ਪੈਸੇ ਵਕੀਲਾਂ ਨੂੰ ਮੁਆਵਜ਼ੇ ਵਜੋਂ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਵੈਲਫੇਅਰ ਫੰਡ ਵਿੱਚ ਜਮ੍ਹਾਂ ਕਰਵਾਏ ਜਾਣ। ਇਸ ਦੇ ਨਾਲ ਹੀ ਦੋਸ਼ ਹੈ ਕਿ ਉਹ ਗੀਤਾਂ ਰਾਹੀਂ ਬਾਰਡਰ ਸਟੇਟ (ਪੰਜਾਬ) ਦੇ ਨੌਜਵਾਨਾਂ ਨੂੰ ਹਿੰਸਾ ਅਤੇ ਦੰਗਿਆਂ ਲਈ ਭੜਕਾਉਂਦਾ ਹੈ। ਮੂਸੇਵਾਲਾ ‘ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਵੀ ਦੋਸ਼ ਹੈ। ਸੰਜੂ ਗਾਣੇ ‘ਚ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।

ਮੂਸੇਵਾਲਾ ‘ਤੇ ਕਾਰਵਾਈ ਨੂੰ ਆਈਪੀਸੀ, ਆਰਮਜ਼ ਐਕਟ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਅਪਰਾਧ ਦੱਸਿਆ ਗਿਆ ਹੈ। ਇਨ੍ਹਾਂ ਵਿੱਚ ਦੇਸ਼ ਵਿਰੁੱਧ ਕਾਰਵਾਈਆਂ, ਅਪਰਾਧਿਕ ਸਾਜ਼ਿਸ਼, ਸਾਂਝੀ ਕੋਸ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਅਕਸ ਨੂੰ ਠੇਸ ਪਹੁੰਚਾਉਣਾ, ਡਰਾਉਣਾ ਆਦਿ ਸ਼ਾਮਲ ਹਨ। ਮੂਸੇਵਾਲਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਕੇਸ ਵਿੱਚ ਮੂਸੇਵਾਲਾ ਤੋਂ ਇਲਾਵਾ ਸੰਜੂ ਗੀਤ ਦੇ ਮਿਊਜ਼ਿਕ ਡਾਇਰੈਕਟਰ ਗਗਨਦੀਪ ਸਿੰਘ, ਵੀਡੀਓ ਡਾਇਰੈਕਟਰ ਨਵਕਰਨ ਬਰਾੜ ਤੇ ਹੋਰਾਂ ਨੂੰ ਧਿਰ ਬਣਾਇਆ ਗਿਆ ਹੈ।

ਪਟੀਸ਼ਨਰ ਅਨੁਸਾਰ ਮੂਸੇਵਾਲਾ ਨੂੰ ਬਰਨਾਲਾ ਜ਼ਿਲ੍ਹੇ ਵਿੱਚ ਏਕੇ-47 ਚਲਾਉਂਦੇ ਹੋਏ ਵੀ ਦੇਖਿਆ ਗਿਆ ਸੀ। ਉਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਮੂਸੇਵਾਲਾ ਵਿਰੁੱਧ ਫਰਵਰੀ 2020 ਵਿੱਚ ਮਾਨਸਾ ਵਿੱਚ ਗੀਤਾਂ ਰਾਹੀਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੰਗਰੂਰ ਜ਼ਿਲ੍ਹੇ ਵਿੱਚ ਵੀ ਕੇਸ ਦਰਜ ਕੀਤਾ ਗਿਆ ਸੀ। ਇੱਕ ਅਪਰਾਧਿਕ ਮਾਮਲੇ ਵਿੱਚ ਜ਼ਮਾਨਤ ਮਿਲਣ ‘ਤੇ ਮੂਸੇਵਾਲਾ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਅਜਿਹੇ ਸ਼ਰਮਨਾਕ ਗੀਤ ਨਹੀਂ ਗਾਉਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਅਰਵਿੰਦ ਕੇਜਰੀਵਾਲ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ

ਦੀਪ ਸਿੱਧੂ ਦਾ ਅੱਜ ਹੋਵੇਗਾ ਪੋਸਟਮਾਰਟਮ, ਬੀਤੀ ਰਾਤ ਸੜਕ ਹਾਦਸੇ ‘ਚ ਹੋਈ ਸੀ ਮੌਤ