ਨਵੀਂ ਦਿੱਲੀ, 5 ਜੂਨ 2021 – ਦਿੱਲੀ ਹਾਈ ਕੋਰਟ ਨੇ ਅਭਿਨੇਤਰੀ ਜੂਹੀ ਚਾਵਲਾ ਵੱਲੋਂ 5G ਟੈਕਨੋਲਜੀ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਪਟੀਸ਼ਨਕਰਤਾ ਨੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕੀਤੀ ਹੈ ਅਤੇ ਇਸ ਕਾਰਨ ਜੂਹੀ ਚਾਵਲਾ ਨੂੰ ₹ 20 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਜੂਹੀ ਚਾਵਲਾ ਦੀ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ 5G ਵਾਇਰਲੈੱਸ ਟੈਕਨੋਲਜੀ ਪਲਾਨ ਦਾ ਮਨੁੱਖਾਂ ਉੱਤੇ ਗੰਭੀਰ ਅਸਰ ਹੋਏਗਾ। ਇਸ ਦੇ ਨਾਲ ਧਰਤੀ ਦੇ ਸਾਰੇ ਵਾਤਾਵਰਣ ਪ੍ਰਣਾਲੀਆਂ ਨੂੰ ਸਥਾਈ ਨੁਕਸਾਨ ਹੋਣ ਦਾ ਖ਼ਤਰਾ ਹੈ।
ਅਦਾਲਤ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਮੁਕੱਦਮਾ ਸਿਰਫ ਪ੍ਰਚਾਰ ਲਈ ਦਾਇਰ ਕੀਤਾ ਗਿਆ ਸੀ ਅਤੇ ਇਸੇ ਲਈ ਜੂਹੀ ਚਾਵਲਾ ਨੇ ਵੀ ਸੁਣਵਾਈ ਦਾ ਲਿੰਕ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਸੀ।