ਚੰਡੀਗੜ੍ਹ, 20 ਜੁਲਾਈ 2022 – ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਦਲੇਰ ਮਹਿੰਦੀ ਨੇ ਕਬੂਤਰਬਾਜ਼ੀ ਮਾਮਲੇ ‘ਚ 2 ਸਾਲ ਦੀ ਸਜ਼ਾ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਉਸ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੁੱਛਿਆ ਕਿ ਦਲੇਰ ਕਿੰਨੇ ਸਮੇਂ ਤੋਂ ਜੇਲ੍ਹ ਵਿੱਚ ਸੀ। ਇਸ ‘ਤੇ ਮਹਿੰਦੀ ਦੇ ਵਕੀਲ ਨੇ ਕਿਹਾ ਕਿ ਅਜੇ ਥੋੜਾ ਸਮਾਂ ਹੀ ਹੋਇਆ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।
ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ ਸਜ਼ਾ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਸਮੇਂ ਦਲੇਰ ਪਿਛਲੇ 6 ਦਿਨਾਂ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਉਹ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਦੇ ਨਾਲ ਜੇਲ੍ਹ ‘ਚ ਬੰਦ ਹਨ। ਦਲੇਰ ਜੇਲ੍ਹ ਜਾਣ ਤੋਂ ਬਾਅਦ ਬਹੁਤ ਦੁਖੀ ਹੈ।
ਦਲੇਰ ਮਹਿੰਦੀ ਪਹਿਲਾਂ ਵੀ ਸ਼ੋਅ ਕਰਨ ਲਈ ਵਿਦੇਸ਼ ਜਾਂਦਾ ਸੀ। ਇਸ ਦੌਰਾਨ ਦੋਸ਼ ਲਾਇਆ ਗਿਆ ਕਿ ਉਸ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ। ਜਿਸ ਦੇ ਬਦਲੇ ਵਿੱਚ ਰੁਪਏ ਲਏ ਹਨ। 2003 ਵਿੱਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ ਖ਼ਿਲਾਫ਼ ਕਬੂਤਰ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਦਲੇਰ ਮਹਿੰਦੀ ਦਾ ਨਾਂ ਵੀ ਸਾਹਮਣੇ ਆਇਆ ਸੀ।
ਇਸ ਮਾਮਲੇ ਵਿੱਚ 2018 ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਖਿਲਾਫ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਸੀ। 5 ਦਿਨ ਪਹਿਲਾਂ ਪਟਿਆਲਾ ਦੀ ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫਤਾਰ ਕਰਕੇ ਸਜ਼ਾ ਭੁਗਤਣ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।