ਨਵੀਂ ਦਿੱਲੀ, 19 ਅਪ੍ਰੈਲ 2025 – ਬ੍ਰਾਹਮਣਾਂ ਵਿਰੁੱਧ “ਅਪਮਾਨਜਨਕ” ਟਿੱਪਣੀਆਂ ਕਰਨ ‘ਤੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਅਦਾਕਾਰ ਅਨੁਰਾਗ ਕਸ਼ਯਪ ਵਿਰੁੱਧ FIR ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਉਪਭੋਗਤਾ ਨੂੰ ਜਵਾਬ ਦਿੰਦੇ ਹੋਏ ਕਸ਼ਯਪ ਨੇ ਪੋਸਟ ਕੀਤਾ ਸੀ ਕਿ: ਬ੍ਰਾਹਮਣੋਂ ਪੇ ਮੂਤੁੰਗਾ। ਕੋਈ ਦਿੱਕਤ ?
ਇਸ ਮਾਮਲੇ ‘ਚ ਨਵੀਂ ਦਿੱਲੀ ਦੇ ਤਿਲਕ ਮਾਰਗ ਪੁਲਸ ਸਟੇਸ਼ਨ ਵਿੱਚ ਦਰਜ ਇੱਕ ਸ਼ਿਕਾਇਤ ਵਿੱਚ ਦਿੱਲੀ ਦੇ ਨਿਵਾਸੀ ਉੱਜਵਲ ਗੌਰ ਨੇ ਕਿਹਾ ਕਿ ਬ੍ਰਾਹਮਣ ਭਾਈਚਾਰੇ ਵਿਰੁੱਧ ਕਸ਼ਯਪ ਦੀ “ਅਸ਼ਲੀਲ” ਟਿੱਪਣੀ “ਘਿਣਾਉਣੀ, ਅਪਮਾਨਜਨਕ ਅਤੇ ਭੜਕਾਊ ਹੈ। ਗੌਰ ਨੇ ਇਹ ਵੀ ਦਲੀਲ ਦਿੱਤੀ ਕਿ ਅਜਿਹੇ ਬਿਆਨ ਨਫ਼ਰਤ ਭੜਕਾ ਸਕਦੇ ਹਨ, ਜਨਤਕ ਵਿਵਸਥਾ ਨੂੰ ਵਿਗਾੜ ਸਕਦੇ ਹਨ ਅਤੇ ਫਿਰਕੂ ਤਣਾਅ ਨੂੰ ਵਧਾ ਸਕਦੇ ਹਨ।
ਆਪਣੀਆਂ ਵਿਵਾਦਪੂਰਨ ਟਿੱਪਣੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਕਸ਼ਯਪ ਨੇ ਸ਼ੁੱਕਰਵਾਰ ਨੂੰ ਭੜਕਾਊ ਟਿੱਪਣੀ ਕਰਨ ਤੋਂ ਬਾਅਦ ਜਨਤਕ ਮੁਆਫ਼ੀ ਮੰਗੀ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਪੋਸਟ ਵਿਚ ਲਿਖਿਆ ਸੀ, “ਇਹ ਮੇਰੀ ਮਾਫੀ ਹੈ, ਮੇਰੀ ਪੋਸਟ ਲਈ ਨਹੀਂ, ਸਗੋਂ ਉਸ ਇਕ ਲਾਈਨ ਲਈ, ਜਿਸ ਨੂੰ ਸੰਦਰਭ ਤੋਂ ਬਾਹਰ ਕੱਢਿਆ ਗਿਆ ਅਤੇ ਨਫ਼ਰਤ ਫੈਲਾਈ ਗਈ। ਇਸ ਲਈ, ਜੋ ਕਿਹਾ ਗਿਆ ਹੈ ਉਸਨੂੰ ਵਾਪਸ ਨਹੀਂ ਲਿਆ ਜਾ ਸਕਦਾ… ਅਤੇ ਨਾ ਹੀ ਲਵਾਂਗਾ। ਤੁਸੀਂ ਚਾਹੋ ਤਾਂ ਮੈਨੂੰ ਗਾਲ੍ਹਾਂ ਕੱਢ ਸਕਦੇ ਹੋ। ਮੇਰੇ ਪਰਿਵਾਰ ਨੇ ਨਾ ਤਾਂ ਕੁਝ ਕਿਹਾ ਹੈ ਅਤੇ ਨਾ ਹੀ ਕਹਿੰਦਾ ਹੈ। ਇਸ ਲਈ, ਜੇਕਰ ਮੇਰੇ ਕੋਲੋ ਮਾਫੀ ਹੀ ਚਾਹੀਦੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ। ਬ੍ਰਾਹਮਣੋਂ, ਕਿਰਪਾ ਕਰਕੇ ਔਰਤਾਂ ਨੂੰ ਬਖਸ਼ ਦਿਓ, ਸਿਰਫ਼ ਮਨੁਸਮ੍ਰਿਤੀ ਹੀ ਨਹੀਂ, ਸਗੋਂ ਧਰਮ ਗ੍ਰੰਥ ਵੀ ਇੰਨਾ ਸ਼ਿਸ਼ਟਾਚਾਰ ਸਿਖਾਉਂਦੇ ਹਨ। ਤੁਸੀਂ ਖੁਦ ਫੈਸਲਾ ਕਰੋ ਕਿ ਤੁਸੀਂ ਅਸਲ ਵਿੱਚ ਕਿਸ ਤਰ੍ਹਾਂ ਦੇ ਬ੍ਰਾਹਮਣ ਹੋ। ਜਿੱਥੋਂ ਤੱਕ ਮੇਰੇ ਲਈ ਹੈ, ਮੈਂ ਆਪਣੀ ਮੁਆਫ਼ੀ ਮੰਗਦਾ ਹਾਂ।”

