ਜਲੰਧਰ, 7 ਅਗਸਤ 2022 – ਪੰਜਾਬ ਅਤੇ ਫ਼ਿਲਮ ਇੰਡਸਟਰੀ ’ਚ ਨਾਮ ਚਮਕਾਉਣ ਵਾਲੀ ਗਾਇਕਾ ਜੋੜੀ ਨੂਰਾਂ ਸਿਸਟਰ ਵਿਚੋਂ ਗਾਇਕਾ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪੰਜਾਬ ਪ੍ਰੈੱਸ ਕਲੱਬ ‘ਚ ਸੂਫੀ ਗਾਇਕਾ ਜੋਤੀ ਨੂਰਾ (ਨੂਰਾ ਸਿਸਟਰਜ਼) ਨੇ ਆਪਣੇ ਪਤੀ ਕੁਨਾਲ ‘ਤੇ ਗੰਭੀਰ ਦੋਸ਼ ਲਾਏ ਹਨ।
ਸ਼ਨੀਵਾਰ ਨੂੰ ਜੋਤੀ ਨੂਰਾ ਨੇ ਦੱਸਿਆ ਕਿ ਉਸਦਾ ਵਿਆਹ 2014 ‘ਚ ਕੁਨਾਲ ਪਾਸੀ ਨਾਲ ਹੋਇਆ ਸੀ। ਇਕ ਸਾਲ ਤੱਕ ਸਭ ਕੁਝ ਠੀਕ ਰਿਹਾ, ਇਸ ਤੋਂ ਬਾਅਦ ਕੁਨਾਲ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਸੂਫੀ ਗਾਇਕਾ ਨੇ ਆਪਣੇ ਪਤੀ ‘ਤੇ ਕਰੋੜਾਂ ਰੁਪਏ ਗਾਇਬ ਕਰਨ ਦੇ ਦੋਸ਼ ਵੀ ਲਾਏ ਹਨ। ਜੋਤੀ ਨੇ ਕਿਹਾ ਕਿ ਕੁਣਾਲ ਨੇ ਦੇਸ਼-ਵਿਦੇਸ਼ ‘ਚ ਸ਼ੋਅ ਕਰਕੇ ਜੋ ਕਮਾਈ ਕੀਤੀ ਸੀ, ਉਹ ਸਭ ਕੁਝ ਹੜੱਪ ਲਿਆ।
ਨੂਰਾ ਨੇ ਕਿਹਾ ਕਿ ਕੁਨਾਲ ਪੈਸੇ ਦਾ ਹਿਸਾਬ ਕਿਤਾਬ ਹੀ ਰੱਖਦਾ ਸੀ। ਵਿਆਹ ਤੋਂ ਮੇਰੇ ਪ੍ਰੋਗਰਾਮਾਂ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ। ਕਈ ਵਾਰ ਪੁੱਛਣ ’ਤੇ ਵੀ ਕੋਈ ਹਿਸਾਬ ਨਹੀਂ ਦਿੱਤਾ ਗਿਆ। ਮੁਲਜ਼ਮਾਂ ਨੇ ਅਫੀਮ-ਚਰਸ ਅਤੇ ਗਾਂਜੇ ਤੋਂ ਇਲਾਵਾ ਹੋਰ ਮਹਿੰਗੇ ਨਸ਼ੇ ‘ਤੇ ਸਾਰਾ ਪੈਸਾ ਖਰਚ ਕਰ ਦਿੱਤਾ। ਇੰਨਾ ਹੀ ਨਹੀਂ ਫਗਵਾੜਾ ‘ਚ ਇਕ ਸ਼ੋਅ ਤੋਂ ਬਾਅਦ ਸਭ ਦੇ ਸਾਹਮਣੇ ਉਸ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ।
ਮੈਂ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਤੇ ਮੈਂ ਇਸ ਪ੍ਰੈੱਸ ਕਾਨਫਰੰਸ ਰਾਹੀਂ ਪੁਲਸ ਕੋਲੋਂ ਆਪਣੀ ਪ੍ਰੋਟੈਕਸ਼ਨ ਮੰਗਦੀ ਹਾਂ ਤੇ ਜਨਤਾ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਜੇਕਰ ਮੇਰੇ ਪਤੀ ਨੇ ਉਨ੍ਹਾਂ ਦਾ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਕਰਵਾਇਆ ਹੈ, ਉਹ ਮੈਨੂੰ ਆ ਕੇ ਮਿਲ ਲੈਣ ਕਿਉਂਕਿ ਮੇਰਾ ਪਤੀ ਬੁੱਕ ਕੀਤੇ ਹੋਏ ਸ਼ੋਅਜ਼ ਬਾਰੇ ਨਹੀਂ ਦੱਸ ਰਿਹਾ ਹੈ ਤੇ ਅੱਜ ਤੋਂ ਬਾਅਦ ਮੇਰੇ ਪਤੀ ਵਲੋਂ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਨਾ ਕਰਵਾਏ ਤੇ ਨਾ ਹੀ ਕੋਈ ਪੈਸੇ ਦੇਵੇ ਕਿਉਂਕਿ ਮੈਂ ਉਸ ਦੀ ਜ਼ਿੰਮੇਵਾਰ ਨਹੀਂ ਹੋਵਾਂਗੀ।