ਮੁੰਬਈ, 28 ਜੂਨ 2025 – ਮਸ਼ਹੂਰ ਰੀਮਿਕਸ ਗੀਤ ਕਾਂਟਾ ਲਗਾ ਦੀ ਐਕਟ੍ਰੈੱਸ ਸ਼ੇਫਾਲੀ ਜਰੀਵਾਲਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ, ਸ਼ੈਫਾਲੀ ਨੂੰ ਸ਼ੁੱਕਰਵਾਰ ਰਾਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਅੰਧੇਰੀ ਵੈਸਟ (ਮੁੰਬਈ) ਦੇ ਬੇਲੇਵਿਊ ਹਸਪਤਾਲ ਲਿਆਂਦਾ ਗਿਆ ਸੀ। ਸ਼ੇਫਾਲੀ ਨੂੰ ਉਸਦੇ ਪਤੀ, ਅਦਾਕਾਰ ਪਰਾਗ ਤਿਆਗੀ ਅਤੇ ਤਿੰਨ ਹੋਰ ਲੋਕ ਹਸਪਤਾਲ ਲੈ ਕੇ ਆਏ।
ਹਾਲਾਂਕਿ, ਹਸਪਤਾਲ ਦੇ ਰਿਸੈਪਸ਼ਨ ਸਟਾਫ ਨੇ ਪੁਸ਼ਟੀ ਕੀਤੀ ਕਿ ਸ਼ੈਫਾਲੀ ਜਰੀਵਾਲਾ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਰਿਪੋਰਟਾਂ ਅਨੁਸਾਰ, 42 ਸਾਲਾ ਸ਼ੇਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਛਾਤੀ ਵਿੱਚ ਤੇਜ਼ ਦਰਦ ਹੋਣ ਤੋਂ ਬਾਅਦ, ਉਹਨਾਂ ਦਾ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਨੇ ਉਸਨੂੰ ਤੁਰੰਤ ਲੋਖੰਡਵਾਲਾ ਦੇ ਆਪਣੇ ਘਰ ਤੋਂ ਨੇੜਲੇ ਹਸਪਤਾਲ ਪਹੁੰਚਾਇਆ।

ਸਾਲ 2002 ਵਿੱਚ, ਜਦੋਂ ‘ਕਾਂਟਾ ਲਗਾ’ ਗੀਤ ਰਿਲੀਜ਼ ਹੋਇਆ ਸੀ, ਤਾਂ ਲੋਕਾਂ ਦਾ ਧਿਆਨ ਇਸ ਵੱਲ ਖਿੱਚਿਆ ਗਿਆ ਸੀ। ਰੀਮਿਕਸ ਸੱਭਿਆਚਾਰ ਭਾਰਤ ਵਿੱਚ ਨਵਾਂ ਸੀ ਅਤੇ ਸ਼ੈਫਾਲੀ ਜਰੀਵਾਲਾ ਦੇ ਬੋਲਡ ਲੁੱਕ, ਆਤਮਵਿਸ਼ਵਾਸ ਅਤੇ ਸਕ੍ਰੀਨ ਮੌਜੂਦਗੀ ਨੇ ਉਸਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਗਾਣੇ ਨੂੰ ਯੂਟਿਊਬ ‘ਤੇ ਹੁਣ ਤੱਕ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਦੀ ਪ੍ਰਸਿੱਧੀ ਤੋਂ ਬਾਅਦ, ਲੋਕ ਉਸਨੂੰ ਉਸਦੇ ਨਾਮ ਨਾਲ ਘੱਟ ਅਤੇ ‘ਕਾਂਟਾ ਲਗਾ ਗਰਲ’ ਕਹਿ ਕੇ ਜ਼ਿਆਦਾ ਬੁਲਾਉਣ ਲੱਗ ਪਏ ਸਨ। ਸ਼ੇਫਾਲੀ ਨੇ ਫਿਰ ਸਲਮਾਨ ਖਾਨ ਦੀ ਫਿਲਮ ‘ਮੁਝਸੇ ਸ਼ਾਦੀ ਕਰੋਗੀ’ ‘ਚ ਕੈਮਿਓ ਕੀਤਾ ਸੀ। ਉਸਨੇ ਬਿੱਗ ਬੌਸ 13 ਵਿੱਚ ਵੀ ਹਿੱਸਾ ਲਿਆ ਅਤੇ ਉੱਥੇ ਆਪਣੀ ਮਜ਼ਬੂਤ ਮੌਜੂਦਗੀ ਨਾਲ ਇੱਕ ਵਾਰ ਫਿਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
