ਚੰਡੀਗੜ੍ਹ, 13 ਜੁਲਾਈ 2022 – ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਪਿਛਲੇ ਮਹੀਨੇ ਬਾਲੀਵੁਡ ਸਟਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੇ ਪੱਤਰ ਲਾਰੈਂਸ ਦੇ ਗੁਰਗਿਆਂ ਨੇ ਹੀ ਭੇਜੇ ਸਨ।
ਪੁਲਸ ਪੁੱਛਗਿੱਛ ਦੌਰਾਨ ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ਉਸ ਨੇ ਸਲਮਾਨ ਨੂੰ 2018 ‘ਚ ਹੀ ਮਾਰ ਦੇਣਾ ਸੀ। ਪਰ, ਇਹ ਸੰਭਵ ਨਹੀਂ ਹੋ ਸਕਿਆ। ਉਸਨੇ ਸਲਮਾਨ ਨੂੰ ਮਾਰਨ ਦੀ ਸਹੁੰ ਖਾਧੀ ਹੈ। ਇਸ ਦਾ ਕਾਰਨ ਕਾਲੇ ਹਿਰਨ ਦਾ ਸ਼ਿਕਾਰ ਹੈ। ਬਿਸ਼ਨੋਈ ਸਮਾਜ ਕਾਲੇ ਹਿਰਨ ਨੂੰ ‘ਗੁਰੂ’ ਦੀ ਤਰ੍ਹਾਂ ਮੰਨਦਾ ਹੈ ਅਤੇ ਸਲਮਾਨ ‘ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਿਸ ‘ਚ ਦੋਸ਼ੀ ਕਈ ਖੁਲਾਸੇ ਕਰ ਰਹੇ ਹਨ।
ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ 2018 ‘ਚ ਸੰਪਤ ਨਹਿਰਾ ਨੂੰ ਸਲਮਾਨ ਖਾਨ ਨੂੰ ਮਾਰਨ ਲਈ ਮੁੰਬਈ ਭੇਜਿਆ ਗਿਆ ਸੀ। ਸੰਪਤ ਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਵੀ ਕੀਤੀ। ਪਰ ਇਸ ਲਈ ਲੰਬੀ ਰੇਂਜ ਵਾਲੀ ਰਾਈਫਲ ਦੀ ਲੋੜ ਸੀ। ਉਸ ਕੋਲ ਸਿਰਫ਼ ਇੱਕ ਰਿਵਾਲਵਰ ਸੀ। ਇਸ ਲਈ ਉਹ ਅਜਿਹਾ ਨਹੀਂ ਕਰ ਸਕਿਆ।
ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸਲਮਾਨ ਖਾਨ ਨੂੰ ਮਾਰਨ ਲਈ ਰਾਈਫਲ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਕੰਮ ਦਿਨੇਸ਼ ਡਾਗਰ ਨੂੰ ਸੌਂਪਿਆ ਗਿਆ ਸੀ। ਇਸ ਦੇ ਲਈ ਡਾਗਰ ਦੇ ਸਾਥੀ ਅਨਿਲ ਪਾਂਡੇ ਨੂੰ 4 ਲੱਖ ਰੁਪਏ ਦਿੱਤੇ ਗਏ ਸਨ। ਪਰ, 2018 ਵਿੱਚ ਹੀ, ਪੁਲਿਸ ਨੇ ਡਾਗਰ ਤੋਂ ਰਾਈਫਲ ਬਰਾਮਦ ਕਰ ਲਈ ਸੀ।
ਲਾਰੈਂਸ ਬਿਸ਼ਨੋਈ ਨੇ ਪੁਲਸ ਪੁੱਛਗਿੱਛ ‘ਚ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਹਾਸ਼ਿਮ ਬਾਬਾ ਨੂੰ ਦਿੱਤੀ ਗਈ ਸੀ, ਜੋ ਪਹਿਲਾਂ ਤਿਹਾੜ ਜੇਲ ‘ਚ ਬੰਦ ਸੀ। ਸ਼ਾਹਰੁਖ ਨੇ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਸੀ। ਚੇਤੇ ਰਹੇ ਕਿ ਜਦੋਂ ਸ਼ਾਹਰੁਖ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ ਤਾਂ ਉਸ ਨੇ ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ। ਇਸ ਦਾ ਇਨਪੁਟ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨਾਲ ਸਾਂਝਾ ਕੀਤਾ ਸੀ।