- ਫ਼ਿਲਮ ਦੀ 31ਵੀਂ ਐਨੀਵਰਸਟੀ ਮੌਕੇ 9 ਜੂਨ 2023 ਨੂੰ ਮੁੜ ਕੀਤਾ ਜਾ ਰਿਹਾ ਹੈ ਰਿਲੀਜ਼
ਚੰਡੀਗੜ੍ਹ, 27 ਮਈ 2023 – “ਸੁਰਜੀਤ ਆਰਟਸ” ਦੇ ਬੈਨਰ ਹੇਠ ਬਣ ਕੇ ਰਿਕਾਰਡ ਤੋੜ ਸਫਲਤਾ ਦਾ ਇਤਿਹਾਸ ਰਚਣ ਵਾਲੀ ਪੰਜਾਬੀ ਫ਼ਿਲਮ ਜੱਟ ਜਿਊਣਾ ਮੌੜ ਦੀ 31ਵੀਂ ਐਨੀਵਰਸਟੀ ਮੌਕੇ 9 ਜੂਨ 2023 ਨੂੰ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਿਰਮਾਤਾ ਅਮਨਪ੍ਰੀਤ ਸਿੰਘ ਗਿੱਲ ਅਤੇ ਇਕਬਾਲ ਢਿਲੋਂ ਨੇ ਪ੍ਰੈਸ ਮਿਲਣੀ ਦੌਰਾਨ ਗੱਲ ਕਰਦਿਆਂ ਦੱਸਿਆ ਕਿ 5 ਜੂਨ 1992 ਵਿਚ ਰਿਲੀਜ਼ ਹੋਈ ਗੁੱਗੂ ਗਿੱਲ ਦੇ ਲੀਡ ਕਿਰਦਾਰ ਵਾਲੀ ਇਸ ਫ਼ਿਲਮ ਨੂੰ ਦੁਬਾਰਾ ਰਿਲੀਜ਼ ਕਰਨ ਲਈ ਨਵੇਂ ਪ੍ਰਿੰਟ ਅਤੇ ਉੱਚ ਸਾਊਂਡ ਟੈਕਨਾਲੋਜੀ ਸਮੇਤ ਸਾਰੇ ਤਕਨੀਕੀ ਕੰਮ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਗੁੱਗੂ ਗਿੱਲ, ਮੁਹੰਮਦ ਸਦੀਕ, ਗੀਤਾਜ ਬਿੰਦਰਖੀਆ ਅਤੇ ਇਸ ਫ਼ਿਲਮ ਨਾਲ ਜੁੜੀ ਪੁਰਾਣੀ ਟੀਮ ਦੇ ਕਈ ਮੈਂਬਰਾਂ ਦੀ ਹਾਜ਼ਰੀ ਵਿਚ ਫ਼ਿਲਮ ਦਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੁੱਗੂ ਗਿੱਲ,ਮੁਹੰਮਦ ਸਦੀਕ ਨੇ ਫਿਲਮ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਇਸ ਫ਼ਿਲਮ ਨੂੰ ਦੁਬਾਰਾ ਰਿਲੀਜ਼ ਕੀਤੇ ਜਾਣ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਰਵਿੰਦਰ ਰਵੀ ਨਿਰਦੇਸ਼ਿਤ ਪੰਜਾਬੀ ਸਿਨੇਮਾ ਦੀ ਇਸ ਵੱਡੀ ਸੁਪਰਹਿੱਟ ਫਿਲਮ ਵਿਚ ਕੰਮ ਕਰ ਚੁੱਕੇ ਕਲਾਕਾਰਾਂ ਵਿਚ ਗੁੱਗੂ ਗਿੱਲ, ਸੁਰਿੰਦਰ ਸ਼ਿੰਦਾ, ਮੁਹੰਮਦ ਸਦੀਕ, ਮਨਜੀਤ ਕੁਲਾਰ, ਨੀਨਾ ਸਿੱਧੂ, ਨੀਨਾ ਬੁੰਧੇਲ, ਸੁਰਿੰਦਰ ਸ਼ਰਮਾ, ਪ੍ਰਭ ਦਰਸ਼ਨ ਕੌਰ ਅਤੇ ਗੁਰਕੀਰਤਨ ਸਮੇਤ ਕਈ ਨਾਮਵਰ ਚਿਹਰੇ ਸ਼ਾਮਲ ਸਨ। ਇਸ ਫ਼ਿਲਮ ਦੇ ਡੀ.ਓ.ਪੀ. ਐਸ. ਕੇ. ਜੌਲੀ ਤੇ ਸੰਗੀਤਕਾਰ ਅਤੁਲ ਸ਼ਰਮਾ ਸਨ ਤੇ ਹੁਣ ਨਵੀਂ ਸੰਗੀਤ ਤਕਨੀਕ ਦਾ ਕੰਮ ਸੰਗੀਤਕਾਰ ਡੀ. ਜੇ. ਨਰਿੰਦਰ ਨੇ ਕੀਤਾ ਹੈ। ਫ਼ਿਲਮ ਦੇ ਸਾਰੇ ਪ੍ਰਸਿੱਧ ਗੀਤਾਂ ਨੂੰ ਗੀਤਕਾਰ ਖਵਾਜ਼ਾ ਪਰਵੇਜ਼, ਦੇਵ ਥਰੀਕੇਵਾਲਾ ਪਰਵੇਜ਼, ਸੁਰਜੀਤ ਬਿੰਦਰਖੀਆ ਤੇ ਪ੍ਰੀਤ ਮਹਿੰਦਰ ਤਿਵਾੜੀ ਨੇ ਲਿਖਿਆ ਸੀ।
ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ “ਨਿਸ਼ਾਨਾ” ਦੇ ਨਿਰਮਾਤਾ ਡੀ.ਪੀ ਅਰਸ਼ੀ ਉਸ ਸਮੇ “ਜੱਟ ਜਿਊਣਾ ਮੌੜ” ਦੇ ਲਾਈਨ ਪ੍ਰੋਡੀਊਸਰ ਸਨ ਜਿਹਨਾ ਦੀ ਮਿਹਨਤ ਤੇ ਸ਼ਿੱਦਤ ਨਾਲ ਇਸ ਫ਼ਿਲਮ ਦਾ ਬਾਕਮਾਲ ਐਕਸ਼ਨ ਅਤੇ ਬਾਕੀ ਕੰਮ ਸਿਰੇ ਚੜਿਆ ਸੀ। ਇਹ ਫ਼ਿਲਮ ਸੁਰਜੀਤ ਆਰਟਸ, ਰੁਪਿੰਦਰ ਸਿੰਘ ਗਿੱਲ ਅਤੇ ਇਕਬਾਲ ਢਿੱਲੋਂ ਵਲੋ ਬਣਾਈ ਗਈ ਸੀ ਅਤੇ ਹੁਣ ਇਸ ਨੂੰ ਮੁੜ ਰਿਲੀਜ਼ ਕਰਨ ਦਾ ਨਿਰਮਾਤਾਵਾਂ ਦਾ ਮਕਸਦ ਬੇਢੰਗੇ ਵਿਸ਼ਿਆਂ ਨਾਲ ਲੀਹੋਂ ਲੱਥ ਰਹੇ ਪੰਜਾਬੀ ਸਿਨੇਮਾ ਦੀ ਸਾਰਥਿਕਤਾ ਨੂੰ ਸੁਰਜੀਤ ਰੱਖਣ ਦੀ ਹੈ।