- ਲੁਧਿਆਣਾ ਜ਼ਿਲ੍ਹੇ ‘ਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪਵੇਗਾ ਭੋਗ
ਜਗਰਾਓਂ, 17 ਅਕਤੂਬਰ 2025 – ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਲੁਧਿਆਣਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਪੋਨਾ ‘ਚ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ। ਰਾਜਵੀਰ ਜਵੰਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਅਤੇ ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ 8 ਅਕਤੂਬਰ ਨੂੰ ਆਪਣੇ ਆਖਰੀ ਸਾਹ ਲਏ ਸਨ।
ਦੱਸ ਦਈਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਸੜਕ ਹਾਦਸੇ ‘ਚ ਹੋਈ ਹੈ ਇਸ ‘ਤੇ ਸ਼ੱਕ ਬਣਿਆ ਹੋਇਆ ਹੈ। ਕੁਝ ਲੋਕ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦੀ ਮੌਤ ਬੋਲੈਰੋ ਕਾਰ ਨਾਲ ਟਕਰਾਉਣ ਤੋਂ ਬਾਅਦ ਹੋਈ। ਹੁਣ, ਘਟਨਾ ਦੀ ਜਾਂਚ ਕਰ ਰਹੇ ਪੰਚਕੂਲਾ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੋਟਰਸਾਈਕਲ ਇੱਕ ਗਾਂ ਨਾਲ ਟਕਰਾ ਗਈ ਸੀ। ਘਟਨਾ ਸਥਾਨ ‘ਤੇ ਕੋਈ ਕਾਲੀ ਬੋਲੈਰੋ ਕਾਰ ਨਹੀਂ ਸੀ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਉਨ੍ਹਾਂ ਕੁੱਲ ਪੰਜ ਲੋਕ ਸਨ ਅਤੇ ਆਪਣੀਆਂ-ਆਪਣੀਆਂ ਬਾਈਕਾਂ ‘ਤੇ ਸਨ। ਪਿੰਜੌਰ ਨੇੜੇ ਉਨ੍ਹਾਂ ਦਾ ਹਾਦਸਾ ਹੋਇਆ। ਚਸ਼ਮਦੀਦਾਂ ਨੇ ਦੱਸਿਆ ਕਿ ਮੋਟਰਸਾਈਕਲ ਇੱਕ ਗਾਂ ਨਾਲ ਟਕਰਾ ਗਈ ਅਤੇ ਜਵੰਦਾ ਡਿੱਗ ਪਿਆ। ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਬਹੁਤ ਸਾਰੇ ਲੋਕ ਮੌਜੂਦ ਸਨ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ੌਰਿਆ ਹਸਪਤਾਲ ਹਾਦਸੇ ਵਾਲੀ ਥਾਂ ਤੋਂ 100 ਮੀਟਰ ਤੋਂ ਵੀ ਘੱਟ ਦੂਰੀ ‘ਤੇ ਹੈ। ਜਦੋਂ ਹਾਦਸਾ ਹੋਇਆ, ਤਾਂ ਕੁਝ ਲੋਕ ਉੱਥੇ ਮੌਜੂਦ ਸਨ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਮੋਟਰਸਾਈਕਲ ਇੱਕ ਗਾਂ ਨਾਲ ਟਕਰਾ ਗਿਆ ਸੀ। ਬਾਅਦ ਵਿੱਚ, ਜਦੋਂ ਕਾਲੀ ਬੋਲੇਰੋ ਦਾ ਜ਼ਿਕਰ ਕੀਤਾ ਗਿਆ, ਤਾਂ ਚਸ਼ਮਦੀਦਾਂ ਤੋਂ ਦੁਬਾਰਾ ਪੁੱਛਗਿੱਛ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਸਮੇਂ ਕੋਈ ਕਾਲੀ ਕਾਰ ਮੌਜੂਦ ਨਹੀਂ ਸੀ।
ਰਾਜਵੀਰ ਜਵੰਦਾ ਨੂੰ ਗਰਦਨ ਅਤੇ ਦਿਮਾਗ ਵਿੱਚ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹ ਬੇਹੋਸ਼ ਹੋ ਗਏ ਸਨ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 11 ਦਿਨਾਂ ਦੇ ਇਲਾਜ ਤੋਂ ਬਾਅਦ ਜਵੰਦਾ ਦੀ ਮੌਤ ਹੋ ਗਈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ ਨੂੰ ਆਕਸੀਜਨ ਦੀ ਘਾਟ ਸੀ। ਜੇਕਰ ਉਨ੍ਹਾਂ ਦਾ ਦਿਮਾਗ ਕੰਮ ਕਰਦਾ ਤਾਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋ ਸਕਦੀ ਸੀ।
