ਨਵੀਂ ਦਿੱਲੀ, 18 ਅਕਤੂਬਰ 2024 – ਅਦਾਕਾਰਾ ਤਮੰਨਾ ਭਾਟੀਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਅਦਾਕਾਰਾ ਦਾ ਨਾਂ ਸਾਹਮਣੇ ਆਇਆ ਹੈ। ਫਿਲਮ ਅਦਾਕਾਰਾ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣੇ ਗੁਹਾਟੀ ਦਫਤਰ ‘ਚ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ‘ਚ ਤਮੰਨਾ ਭਾਟੀਆ ਤੋਂ ਦੋਸ਼ੀ ਦੇ ਤੌਰ ‘ਤੇ ਨਹੀਂ ਸਗੋਂ ਇਸ ਐਪ ਨੂੰ ਪ੍ਰਮੋਟ ਕਰਨ ਦੇ ਸਿਲਸਿਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਅਦਾਕਾਰਾ ਹਾਲ ਹੀ ‘ਚ ਫਿਲਮ ‘ਸਤ੍ਰੀ 2’ ਕਾਰਨ ਸੁਰਖੀਆਂ ‘ਚ ਰਹੀ ਸੀ, ਜਿਸ ‘ਚ ਉਨ੍ਹਾਂ ਦਾ ਗੀਤ ‘ਆਜ ਕੀ ਰਾਤ’ ਟ੍ਰੈਂਡ ਕਰ ਰਿਹਾ ਸੀ।
ED ਨੇ ਤਮੰਨਾ ਭਾਟੀਆ ਨੂੰ HPZ ਐਪ ਘੱਪਲੇ ‘ਚ ਪੁੱਛਗਿੱਛ ਲਈ ਬੁਲਾਇਆ ਸੀ। ਤਮੰਨਾ ਕਰੀਬ ਡੇਢ ਵਜੇ ਗੁਹਾਟੀ ਸਥਿਤ ਈਡੀ ਦਫ਼ਤਰ ਪਹੁੰਚੀ ਅਤੇ ਉਨ੍ਹਾਂ ਦੀ ਮਾਂ ਵੀ ਨਾਲ ਸੀ। ਇਸ ਐਪ ਰਾਹੀਂ ਲੋਕਾਂ ਨੂੰ 57,000 ਰੁਪਏ ਦੇ ਨਿਵੇਸ਼ ਲਈ 4,000 ਰੁਪਏ ਪ੍ਰਤੀ ਦਿਨ ਦੇਣ ਦਾ ਵਾਅਦਾ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਧੋਖਾਧੜੀ ਕਰਨ ਲਈ ਵੱਖ-ਵੱਖ ਬੈਂਕਾਂ ‘ਚ ਸ਼ੈੱਲ ਕੰਪਨੀਆਂ ਦੇ ਨਾਂ ‘ਤੇ ਫਰਜ਼ੀ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ‘ਚ ਨਿਵੇਸ਼ਕਾਂ ਤੋਂ ਪੈਸੇ ਟਰਾਂਸਫਰ ਕੀਤੇ ਗਏ ਹਨ। ਮਹਾਦੇਵ ਐਪ ਦੇ ਕੁਝ ਸਿਤਾਰੇ HPZ ਨਾਲ ਵੀ ਜੁੜੇ ਹੋਏ ਹਨ। ਅਦਾਕਾਰਾ ਨੇ ਕਥਿਤ ਤੌਰ ‘ਤੇ ਫੇਅਰਪਲੇ ਸੱਟੇਬਾਜ਼ੀ ਐਪ ‘ਤੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੇਖਣ ਦਾ ਪ੍ਰਚਾਰ ਕੀਤਾ ਹੈ।
ਤਮੰਨਾ ‘ਤੇ ਮਹਾਦੇਵ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪਲੀਕੇਸ਼ਨ ਦੀ ਸਹਾਇਕ ਐਪ ‘ਤੇ IPL ਮੈਚਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਦੇਖਣ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਈ.ਡੀ. ਨੇ ਇਸ ਸਬੰਧ ‘ਚ ਸੰਮਨ ਜਾਰੀ ਕੀਤਾ ਸੀ। ‘FairPlay’ ਇੱਕ ਸੱਟੇਬਾਜ਼ੀ ਐਕਸਚੇਂਜ ਪਲੇਟਫਾਰਮ ਹੈ ਜੋ ਵੱਖ-ਵੱਖ ਖੇਡਾਂ ਅਤੇ ਮਨੋਰੰਜਨ ਰਾਹੀਂ ਜੂਏ ਨੂੰ ਉਤਸ਼ਾਹਿਤ ਕਰਦਾ ਹੈ। ਇਹ ਮਹਾਦੇਵ ਔਨਲਾਈਨ ਗੇਮਿੰਗ ਐਪ ਦੀ ਇੱਕ ਸਹਾਇਕ ਐਪਲੀਕੇਸ਼ਨ ਹੈ ਜੋ ਕਿ ਵੱਖ-ਵੱਖ ਲਾਈਵ ਗੇਮਾਂ ਜਿਵੇਂ ਕਿ ਕ੍ਰਿਕਟ, ਪੋਕਰ, ਬੈਡਮਿੰਟਨ, ਟੈਨਿਸ, ਫੁੱਟਬਾਲ ਕਾਰਡ ਗੇਮਾਂ ਵਿੱਚ ਗੈਰ ਕਾਨੂੰਨੀ ਸੱਟੇਬਾਜ਼ੀ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ।