ਲੁਧਿਆਣਾ, 18 ਜੂਨ 2021 – ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਿਆਸੀ ਹਲਚਲ ਪੰਜਾਬ ਵਿਚ ਤੇਜ਼ ਹੋ ਗਈ ਹੈ। ਇੱਕ ਦੂਜੇ ਦੇ ਖਿਲਾਫ ਧਰਨੇ ਪ੍ਰਦਰਸ਼ਨ ਅਤੇ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ। ਉਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਬੀਤੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਕਿਹਾ ਹੈ ਕਿ ਪਿੰਡਾਂ ਵਿੱਚ ਕਿਸਾਨ ਪਰਿਵਾਰ ਸਾਰੇ ਸਿਆਸੀ ਲੀਡਰਾਂ ਦਾ ਬਾਈਕਾਟ ਕਰਨ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪਿੰਡਾਂ ਦੇ ਕਿਸਾਨ ਕਿਸੇ ਵੀ ਲੀਡਰ ਨੂੰ ਪਿੰਡਾਂ ਵਿਚ ਨਾ ਵੜਨ ਦੇਣ। ਇਹ ਉਨ੍ਹਾਂ ਦੀ ਹੱਥ ਜੋੜ ਕੇ ਬੇਨਤੀ ਹੈ।
ਬੀਤੇ ਕਈ ਮਹੀਨਿਆਂ ਤੋਂ ਦਿੱਲੀ ਦੇ ਵਿਚ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜ ਰਹੇ ਹਨ ਅਤੇ ਇਹ ਸਿਆਸੀ ਲੀਡਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਿਆਸੀ ਲੀਡਰ ਕਿਸੇ ਵੀ ਪਾਰਟੀ ਦਾ ਵੋਟਾਂ ਮੰਗਣ ਪਿੰਡਾਂ ਵਿੱਚ ਆਵੇ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸਵਾਲ ਕੀਤਾ ਜਾਵੇ ਕਿ ਜੋ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਚ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ ਹੈ ਪਹਿਲਾਂ ਉਸ ਦਾ ਹੱਲ ਕੀਤਾ ਜਾਵੇ। ਕਿਸਾਨਾਂ ਲਈ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਜਾਵੇ। ਉਸ ਤੋਂ ਬਾਅਦ ਹੀ ਉਹ ਇਨ੍ਹਾਂ ਨੂੰ ਵੋਟਾਂ ਪਾਉਣਗੇ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਾਲੇ ਬਹੁਤ ਟਾਈਮ ਹੈ ਉਹ ਸਿਆਸੀ ਲੀਡਰਾਂ ਨੂੰ ਵੀ ਅਪੀਲ ਕਰਦੇ ਹਨ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕਰਨ ਉਸ ਤੋਂ ਬਾਅਦ ਵੋਟਾਂ ਮੰਗਣ ਆਉਣ।

