.. ਪਾਰਟੀ ਨੀਤੀਆਂ ਕਰਕੇ ਹੀ ਲੋਕ ‘ਆਪ’ ‘ਚ ਹੋ ਰਹੇ ਨੇ ਸ਼ਾਮਲ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 6 ਫਰਵਰੀ 2021 – ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਹੋਣ ਕਰਕੇ ਪਾਰਟੀ ਦਾ ਕਾਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ‘ਆਪ’ ਨੂੰ ਪੰਜਾਬ ‘ਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਐਫਸੀਆਈ ਦੇ ਯੂਨੀਅਨ ਆਗੂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਹੈੱਡਕੁਆਟਰ ਉੱਤੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚ ਭਾਜਪਾ ਕਿਸਾਨ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਮੁਲਾਜ਼ਮ ਯੂਨੀਅਨ ਆਗੂ ਸਤਿੰਦਰ ਸਿੰਘ ਚੱਠਾ ਸਾਥੀਆਂ ਸਮੇਤ, ਬਹੁਜਨ ਸਮਾਜ ਪਾਰਟੀ ਦੇ ਆਗੂ ਭੋਲਾ ਸਿੰਘ ਅਤੇ ਲਛਮਣ ਸਿੰਘ ਅਤੇ ਸਮਾਜ ਸੇਵਕਾ ਸਿੰਪਲ ਨਾਈਅਰ ‘ਆਪ’ ‘ਚ ਸ਼ਾਮਲ ਹੋਏ।
ਸੰਗਰੂਰ ਜ਼ਿਲ੍ਹੇ ਤੋਂ ਸਤਿੰਦਰ ਸਿੰਘ ਚੱਠਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਕਰਮਚਾਰੀ ਸੰਘ ਦੇ ਕੁਲ ਹਿੰਦ ਪ੍ਰਧਾਨ ਰਹੇ ਹਨ। ਉਨ੍ਹਾਂ 1980 ਤੋਂ ਐਫਸੀਆਈ ਵਿੱਚ ਕੰਮ ਕਰਦਿਆਂ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਲੜੀ। ਕਰਮਚਾਰੀਆਂ ਨੂੰ ਪੈਨਸ਼ਨ ਦਿਵਾਉਣ ਲਈ 24 ਦਿਨਾਂ ਦੀ ਭੁੱਖ ਹੜਤਾਲ ਕੀਤੀ। ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਸਰਪੰਚ, ਬਿੱਕਰ ਸਿੰਘ ਠੇਕੇਦਾਰ ਧੂਰੀ, ਕੇਵਲ ਸਿੰਘ, ਨੀਟਾ, ਚਰਨਜੀਤ ਸਿੰਘ ਵੀ ਪਾਰਟੀ ਵਿੱਚ ਸ਼ਾਮਲ ਹੋਏ। ਸੰਗਰੂਰ ਜ਼ਿਲ੍ਹੇ ਦੇ ਭੋਲਾ ਸਿੰਘ ਬਹੁਜਨ ਸਮਾਜ ਪਾਰਟੀ ਦੀ ਸੀਟ ਉੱਤੇ 2017 ਵਿਧਾਨ ਸਭਾ ਚੋਣ ਵਿੱਚ ਧੂਰੀ ਤੋਂ ਉਮੀਦਵਾਰ ਸਨ ਅਤੇ ਲਛਮਣ ਸਿੰਘ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਵਜੋਂ ਕੰਮ ਕਰਦੇ ਸਨ।
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੀਤੀਆਂ ਕਰਕੇ ਹੀ ਪਾਰਟੀ ਦਾ ਕਾਫਲਾ ਵਧ ਰਿਹਾ ਹੈ। ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਉਹ ਅੱਜ ‘ਆਪ’ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਡਿਊਟੀ ਦਿੱਤੀ ਜਾਵੇਗੀ ਉਸ ਨੂੰ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਜਸਟਿਸ (ਰਿਟਾ.) ਜੋਰਾ ਸਿੰਘ ਵੀ ਹਾਜ਼ਰ ਸਨ।