ਚੰਡੀਗੜ੍ਹ, 25 ਮਾਰਚ 2021 – ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇੱਥੇ ਦਿੱਤੀ ।
ਬਹਿਲ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਦੀ ਨੀਤੀ ਤਹਿਤ ਬੋਰਡ ਵਲੋਂ ਜਲਦੀ ਹੀ ਲਗਭਗ 2280 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾਣਗੇ।
ਇਸ ਭਰਤੀ ਅਧੀਨ ਜੇਲ੍ਹ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਰਡਰ ਅਤੇ ਮੈਟਰਨ ਦੀਆਂ 847 ਅਸਾਮੀਆਂ, ਆਮ ਲੋਕਾਂ ਨੂੰ ਜਲਦ ਨਿਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਲੀਗਲ ਕਲਰਕ ਦੀਆਂ ਲਗਭਗ 199 ਅਸਾਮੀਆਂ, ਪੰਜਾਬ ਵਿੱਚ ਵਿਦਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਵਿੱਚ 807 ਲਾਇਬਰੇਰੀਅਨ ਦੀਆਂ ਅਸਾਮੀਆਂ, ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉਚ ਉਦਯੋਗਿਕ ਉੱਨਤੀ ਅਫ਼ਸਰ ਦੀਆਂ 56 ਅਸਾਮੀਆਂ ਅਤੇ ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61 ਅਸਾਮੀਆਂ, ਆਬਕਾਰੀ ਤੇ ਕਰ ਨਿਰੀਖਕ ਦੀਆਂ 51 ਅਸਾਮੀਆਂ, ਪੰਜਾਬ ਵੇਅਰਹਾਊਸਿੰਗ ਵਿੱਚ ਤਕਨੀਕੀ ਸਹਾਇਕ ਦੀਆਂ 120 ਅਸਾਮੀਆਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰ ਦੀਆਂ 112 ਅਸਾਮੀਆਂ ਅਤੇ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਸਮੇਤ ਲਗਭਗ 2280 ਅਸਾਮੀਆਂ ਦੀ ਭਰਤੀ ਸਬੰਧੀ ਯੋਗ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਜਾਵੇਗੀ।
ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਅਸਾਮੀਆਂ ਦੀ ਭਰਤੀ ਸਬੰਧੀ ਕੀਤੀ ਜਾਣ ਵਾਲੀ ਸਮੁੱਚੀ ਕਾਰਵਾਈ ਨੂੰ ਅੱਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਹੁਣ ਜਲਦ ਹੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ ।
ਬਹਿਲ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜ਼ਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਭਰਤੀ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ ‘ਤੇ ਹੀ ਕੀਤੀ ਜਾਵੇਗੀ।
ਅੱਜ ਦੀ ਮੀਟਿੰਗ ਵਿਚ ਜਸਪਾਲ ਸਿੰਘ ਢਿੱਲੋਂ , ਕੁਲਦੀਪ ਸਿੰਘ ਕਾਹਲੋਂ, ਰਜਨੀਸ਼ ਸਹੋਤਾ, ਸ਼ਮਸ਼ਾਦ ਅਲੀ, ਰੋਮਿਲਾ ਬਾਂਸਲ, ਭੁਪਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਅਲਤਾ ਆਹਲੂਵਾਲੀਆ, ਬਲਕਾਰ ਸਿੰਘ ਸਿੱਧੂ, ਰੋਹਲ ਸਿੰਘ ਸਿੱਧੂ ਅਤੇ ਬੋਰਡ ਦੇ ਸਕੱਤਰ ਸ੍ਰੀ ਅਮਨਦੀਪ ਬਾਂਸਲ ਹਾਜ਼ਰ ਸਨ।