ਸਾਬਕਾ ਸਿੱਖ ਫੌਜੀ ਅਫਸਰ ‘ਤੇ ਤਸ਼ੱਦਦ ਢਾਹੁਣ ਦੇ ਮਾਮਲੇ ਵਿਚ 8 ਯੂ ਪੀ ਪੁਲਿਸ ਮੁਲਾਜ਼ਮਾਂ ਖਿਲਾਫ ਐਫ ਆਈ ਆਰ ਦਰਜ

  • ਯੂ ਪੀ ਪੁਲਿਸ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ ਦੁਆਇਆ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 9 ਮਈ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਫੌਜਦਾਰੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਯੂ ਪੀ ਪੁਲਿਸ ਨੇ ਸਾਬਕਾ ਸਿੱਖ ਫੌਜੀ ਅਫਸਰ ‘ਤੇ ਤਸ਼ੱਦਦ ਢਾਹੁਣ, ਉਸ ਨਾਲ ਬਦਸਲੂਕੀ ਕਰਨ ਤੇ ਧਰਮ ਦਾ ਅਪਮਾਨ ਕਰਨ ਲਈ ਦੋਸ਼ੀ 8 ਪੁਲਿਸ ਮੁਲਾਜ਼ਮਾਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਤੇ ਉਹਨਾਂ ਨੂੰ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜ਼ਿਲਾ ਪੀਲੀਭੀਤ ਦੇ ਪੁਲਿਸ ਥਾਣਾ ਪੁਰਨਪੁਰ ਵਿਚ ਪੁਲਿਸ ਮੁਲਾਜ਼ਮ ਰਾਮ ਨਰੇਸ਼ ਸਿੰਘ, ਰਈਅਸ ਅਹਿਮਦ ਤੇ 6 ਹੋਰਨਾਂ ਦੇ ਖਿਲਾਫ ਐਫ ਆਈ ਆਰ ਨੰਬਰ 22 ਅਧੀਨ ਧਾਰਾ 147, 323, 342 ਅਤੇ 504 ਆਈ ਪੀ ਸੀ ਦਰਜ ਕੀਤੀ ਗਈ ਹੈ। ਇਹਨਾਂ ਲੋਕਾਂ ਨੇ ਹੀ ਰੇਸ਼ਮ ਸਿੰਘ ਨਾਲ ਹਿਰਾਸਤੀ ਕੁੱਟਮਾਰ ਕੀਤੀ, ਉਸ ‘ਤੇ ਅਣਮਨੁੱਖੀ ਤਸ਼ੱਦਦ ਢਾਹਿਆ ਤੇ ਧਰਮ ਦਾ ਅਪਮਾਨ ਕੀਤਾ।

ਸਿਰਸਾ ਨੇ ਕਿਹਾ ਕਿ ਐਸ ਪੀ ਪੀਲੀਪੀਤ ਕਿਰਿਤ ਰਾਠੌਰ ਨੇ ਉਹਨਾਂ ਨੁੰ ਭਰੋਸਾ ਦੁਆਇਆ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਰੇਸ਼ਮ ਸਿੰਘ ਨੂੰ ਨਿਆਂ ਦੇਣ ਦਾ ਵੀ ਭਰੋਸਾ ਦੁਆਇਆ ਹੈ।
ਉਹਨਾਂ ਨੇ ਮਾਮਲੇ ਵਿਚ ਕਾਨੂੰਨੀ ਚਾਰਾਜੋਈ ਲਈ ਐਡਵੋਕੇਟ ਜਗਦੀਪ ਸਿੰਘ ਕਾਹਲੋਂ ਚੇਅਰਮੈਨ ਲੀਗਲ ਸੈਲ ਦਿੱਲੀ ਗੁਰਦੁਆਰਾ ਕਮੇਟੀ ਦੀ ਅਗਵਾਈ ਵਾਲੀ ਟੀਮ ਵਿਚ ਐਡਵੋਕੇਟ ਜਸਦੀਪ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਰਾਏ ਅਤੇ ਵਰਿੰਦਰਪਾਲ ਸੰਧੂ ਦਾ ਧੰਨਵਾਦ ਵੀ ਕੀਤਾ।

ਇਥੇ ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਕੱਲ 7 ਮਈ ਨੂੰ ਯੂ ਪੀ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਸਕੱਤਰ ਤੇ ਡੀ ਜੀ ਪੀ ਯੂ ਪੀ ਨੁੰ ਇਕ ਫੌਜਦਾਰੀ ਸ਼ਿਕਾਇਤ ਭੇਜੀ ਸੀ ਜਿਸ ਵਿਚ ਘਟਨਾ ਦਾ ਜ਼ਿਕਰ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਇਹ ਘਟਨਾ ਯੂ ਪੀ ਦੇ ਪੀਲੀਭੀਤ ਜ਼ਿਲੇ ਵਿਚ ਪੁਰਨਪੁਰ ਪੁਲਿਸ ਥਾਣੇ ਵਿਚ ਵਾਪਰੀ ਸੀ।
ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਯਕੀਨੀ ਬਣਾਏਗੀ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਉਹਨਾਂ ਦੇ ਗੁਨਾਹ ਲਈ ਜੇਲ ਭੇਜਿਆ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਦੇ ਰਾਜ ‘ਚ ਮਰੀਜ਼ ਰੱਬ ਸਹਾਰੇ, ਹਸਪਤਾਲਾਂ ‘ਚ ਸਹੂਲਤਾਂ ਦੀ ਵੱਡੀ ਕਮੀ: ਬਲਜਿੰਦਰ ਕੌਰ

ਕੋਰੋਨਾ ਦੀਆਂ ਦਵਾਈਆਂ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਰੈਮਡੇਸੀਵਰ ਇੰਜੈਕਸ਼ਨ ਮਾਨੀਟ੍ਰਿੰਗ ਸੈਂਟਰ ਬਣਾਇਆ ਗਿਆ