ਚੰਡੀਗੜ੍ਹ, 19 ਜੂਨ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਭਾਰਤੀ ਦੌੜਾਕ ਅਤੇ ਫਲਾਇੰਗ ਸਿੱਖ ਦੇ ਨਾਂਅ ਨਾਲ ਮਸ਼ਹੂਰ ਮਿਲਖਾ ਸਿੰਘ ਦਾ ਅੰਤਿਮ ਸਸਕਾਰ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਪੰਜਾਬ ਰਾਜ ਸੋਗ ਦੇ ਇਕ ਦਿਨ ਨੂੰ ਸਤਿਕਾਰ ਦੇ ਨਿਸ਼ਾਨ ਵਜੋਂ ਮਨਾਏਗਾ।
ਉੱਡਣਾ ਸਿੱਖ ਪਦਮਸ੍ਰੀ ਮਿਲਖਾ ਸਿੰਘ ਦਾ ਸਸਕਾਰ ਅੱਜ ਸਨਿਚਰਵਾਰ ਨੂੰ ਪੂਰੇ ਸਨਮਾਨਾਂ ਨਾਲ ਸ਼ਾਮ 5 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਸੈਕਟਰ 8 ਸਥਿਤ ਰਿਹਾਇਸ਼ ‘ਤੇ ਰੱਖੀ ਗਈ ਹੈ। ਉਨ੍ਹਾਂ ਦੇ ਸਸਕਾਰ ਮੌਕੇ ਪ੍ਰਮੁੱਖ ਰਾਜਨੀਤਕ, ਸਮਾਜਿਕ , ਖੇਡ ਜਗਤ ,ਅਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਦੇ ਆਉਣ ਦੀ ਉਮੀਦ ਕਰ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।
ਪਦਮਸ੍ਰੀ ਮਿਲਖਾ ਸਿੰਘ ਦੇ ਅਕਾਲ ਚਲਾਣੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।