ਫਿਰੋਜ਼ਪੁਰ 19 ਜੂਨ 2021 – ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਆਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਇਕ ਨੋਟਿਸ ਲਾਇਆ ਗਿਆ ਹੈ। ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਆਦੇਸ਼ ਹਨ ਜਿਸ ਵਿੱਚ ਲਿਖਿਆ ਗਿਆ ਹੈ ਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੀ ਸਾਂਭ ਸੰਭਾਲ ਪੰਜਾਬ ਸਰਕਾਰ ਕਰੇਗੀ।
ਇਸ ਨੂੰ ਲੈ ਕੇ ਅੱਜ ਐਸ ਡੀ ਐਮ ਫਿਰੋਜ਼ਪੁਰ ਅਮਿਤ ਕੁਮਾਰ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਤੇ ਪਰਿਵਾਰ ਨੂੰ ਵੀ ਮਿਲੇ ਅਤੇ ਉਨ੍ਹਾਂ ਵੱਲੋਂ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਨੂੰ ਮੋਰਚਰੀ ਵਿੱਚ ਰੱਖਣ ਸਬੰਧੀ ਅਤੇ ਸੁਪਰੀਮ ਕੋਰਟ ਵੱਲੋਂ ਆਏ ਆਦੇਸ਼ਾਂ ਸਬੰਧੀ ਗੱਲਬਾਤ ਕੀਤੀ ਗਈ। ਪਰਿਵਾਰਕ ਸੂਤਰਾਂ ਮੁਤਾਬਕ ਜੈਪਾਲ ਭੁੱਲਰ ਦੇ ਪਿਤਾ ਅਤੇ ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਹਵਾਲੇ ਅਤੇ ਮੋਰਚਰੀ ਵਿਚ ਉਸ ਦੀ ਮ੍ਰਿਤਕ ਦੇਹ ਨੂੰ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਪੁਲਸ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਮੁਤਾਬਕ ਜਦ ਤੱਕ ਪੋਸਟਮਾਰਟਮ ਨਹੀਂ ਹੁੰਦਾ ਜਾਂ ਉਸ ਤੇ ਕੋਈ ਫੈਸਲਾ ਨਹੀਂ ਆਉਂਦਾ ਤਦ ਤੱਕ ਉਹ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਕਿਸੇ ਨੂੰ ਨਹੀਂ ਦੇਣਗੇ। ਅਗਰ ਹਾਈਕੋਰਟ ਉਸ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਜਾਂ ਏਮਜ ਵਿੱਚ ਰਖਵਾ ਕੇ ਆਪਣੀ ਨਿਗਰਾਨੀ ਹੇਠ ਡੈੱਡ ਬਾਡੀ ਨੂੰ ਸੁਰੱਖਿਅਤ ਕਰਵਾਉਂਦੇ ਨੇ ਤਾਂ ਉਹ ਤਿਆਰ ਹਨ, ਪਰ ਉਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ‘ਤੇ ਭਰੋਸਾ ਨਹੀਂ ਹੈ।

