- ਪੂਰੀ ਪ੍ਰਕਿਰਿਆ 05 ਜੁਲਾਈ ਤੱਕ ਕੀਤੀ ਜਾਵੇਗੀ ਮੁਕੰਮਲ
ਚੰਡੀਗੜ੍ਹ, 1 ਜੁਲਾਈ 2021 – ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਕੁਸ਼ਲਤਾ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਨੈਸ਼ਨਲ ਜੇਨੇਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐਨਜੀਡੀਆਰਐਸ) ਅਤੇ ਇਸ ਦੇ ਡਾਟਾਬੇਸ ਨੂੰ ਐਨ.ਆਈ.ਸੀ. ਕਲਾਉਡ ਮੇਘਰਾਜ, ਨਵੀਂ ਦਿੱਲੀ ਤੋਂ ਸਟੇਟ ਡਾਟਾ ਸੈਂਟਰ, ਮੁਹਾਲੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਮੁੱਖ ਸਕੱਤਰ ਮਾਲ, ਪੰਜਾਬ ਰਵਨੀਤ ਕੌਰ ਨੇ ਦਿੱਤੀ।
ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਹੋਈ ਮੀਟਿੰਗ ਦੌਰਾਨ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਵਧੀਕ ਮੁੱਖ ਸਕੱਤਰ ਮਾਲ ਨੇ ਦੱਸਿਆ ਕਿ ਸਿਸਟਮ ਤਬਦੀਲ ਕਰਨ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਇਹ ਸਾਰੀ ਪ੍ਰਕਿਰਿਆ 05 ਜੁਲਾਈ 2021 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ ਮਾਲ ਨੇ ਦੱਸਿਆ ਕਿ 11 ਜੁਲਾਈ ਤੱਕ ਲੋੜੀਂਦੇ ਦਸਤਾਵੇਜ ਸਾਂਝਾ ਕਰਨ ਅਤੇ ਟੈਸਟ ਉਪਰੰਤ ਵੇਰਵੇ ਵੈਬਸਾਈਟ ‘ਤੇ ਪ੍ਰਕਾਸ਼ਤ ਕੀਤੇ ਜਾਣਗੇ ਅਤੇ ਨਵਾਂ ਸਿਸਟਮ 12 ਜੁਲਾਈ ਤੋਂ ਸਟੇਟ ਡਾਟਾ ਸੈਂਟਰ, ਮੁਹਾਲੀ ਤੋਂ ਕਾਰਜਸ਼ੀਲ ਹੋ ਜਾਵੇਗਾ।
ਇਹ ਦੱਸਿਆ ਗਿਆ ਕਿ ਐਨ.ਜੀ.ਡੀ.ਆਰ.ਐੱਸ. ਵਿਚ ਜ਼ਰੂਰਤ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਅਪਡੇਸ਼ਨ ਐਨ.ਆਈ.ਸੀ., ਪੁਣੇ ਵੱਲੋਂ ਕੀਤੀ ਜਾਂਦੀ ਹੈ ਅਤੇ ਸੂਬੇ ਨੂੰ ਐਨ.ਜੀ.ਡੀ.ਆਰ.ਐੱਸ. ਵਿਚ ਕਿਸੇ ਤਬਦੀਲੀ/ਵਿਕਾਸ ਲਈ ਹਰ ਵਾਰ ਐਨ.ਆਈ.ਸੀ., ਪੁਣੇ ਨਾਲ ਸੰਪਰਕ ਕਰਨਾ ਪੈਂਦਾ ਹੈ ਜਿਸ ਕਾਰਨ ਬੇਲੋੜੀ ਦੇਰੀ ਹੁੰਦੀ ਹੈ। ਇਸ ਲਈ ਐਨ.ਆਈ.ਸੀ. ਪੰਜਾਬ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਐਨ.ਆਈ.ਸੀ., ਪੁਣੇ ਤੋਂ ਸਰੋਤ ਕੋਡ ਲੈਣ ਦੀ ਸੰਭਾਵਨਾ ਦੀ ਪੜਚੋਲ ਕਰੇ ਤਾਂ ਜੋ ਐਨ.ਆਈ.ਸੀ., ਪੰਜਾਬ ਲੋਕ ਹਿੱਤ ਲਈ ਸਾੱਫਟਵੇਅਰ ਨੂੰ ਅਪਡੇਟ ਕਰ ਸਕੇ।
ਮੀਟਿੰਗ ਵਿਚ ਸਕੱਤਰ ਮਾਲ ਸ੍ਰੀ ਮਨਵੇਸ਼ ਸਿੰਘ ਸਿੱਧੂ, ਆਈ.ਏ.ਐੱਸ., ਵਧੀਕ ਸੱਕਤਰ ਮਾਲ ਕੈਪਟਨ ਕਰਨੈਲ ਸਿੰਘ, ਆਈ.ਏ.ਐੱਸ, ਪ੍ਰਸਾਸ਼ਨਿਕ ਸੁਧਾਰਾਂ ਵਿਭਾਗ ਦੇ ਡਾਇਰੈਕਟਰ ਪਰਮਿੰਦਰਪਾਲ ਸਿੰਘ ਪੀਸੀਐਸ, ਸਟੇਟ ਇਨਫੋਰਮੈਟਿਕਸ ਅਫ਼ਸਰ ਐਨ.ਆਈ.ਸੀ. ਅਜੈ ਰਾਮਪਾਲ ਅਤੇ ਅਡੀਸਨਲ ਸਟੇਟ ਇਨਫੋਰਮੈਟਿਕਸ ਅਫ਼ਸਰ ਐਨ.ਆਈ.ਸੀ., ਵਿਕਰਮ ਗਰੋਵਰ ਅਤੇ ਹੋਰ ਅਧਿਕਾਰੀ ਮੌਜੂਦ ਸਨ।