ਕੈਲੀਫੋਰਨੀਆ, 27 ਜੂਨ 2021 – ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੇ ਕਤਲ ਦੇ ਮਾਮਲੇ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ, ਡੈਰੇਕ ਚੌਵਿਨ ਨੂੰ ਵਿੱਚ 22 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ, ਕਿ ਮੁਲਜ਼ਮ ਦੀ ਸਜ਼ਾ ਸਟੇਟ ਦੀ 12.5 ਸਾਲਾਂ ਦੇ ਸਜ਼ਾ-ਦਿਸ਼ਾ ਨਿਰਦੇਸ਼ਾਂ ਨੂੰ ਪਾਰ ਕਰ ਗਈ ਹੈ ਕਿਉਂਕਿ ਉਸ ਨੇ ਆਪਣੇ ਅਧਿਕਾਰਾਂ ਤੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ।
ਡੈਰੇਕ ਨੂੰ ਸੂਬੇ ਦੀ ਵੱਧ ਸੁਰੱਖਿਆ ਜੇਲ੍ਹ ਵਿੱੱਚ ਰੱਖਿਆ ਗਿਆ ਹੈ। ਪਿਛਲੇ ਸਾਲ ਇਸ ਗੋਰੇ ਪੁਲਿਸ ਅਧਿਕਾਰੀ ਨੇ ਕਾਲੇ ਮੂਲ ਦੇ ਜਾਰਜ ਫਲਾਇਡ ਨਾਮ ਦੇ ਵਿਅਕਤੀ ਦੀ ਧੌਣ ਉੱਪਰ ਤਕਰੀਬਨ 9 ਮਿੰਟ ਤੋਂ ਉੱਪਰ ਤੱਕ ਆਪਣਾ ਗੋਡਾ ਰੱਖਿਆ ਸੀ ,ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਇੱਕ ਵੀਡੀਓ ਦੇ ਵਾਇਰਲ ਹੋਣ ਨਾਲ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸ਼ੁੱਕਰਵਾਰ ਨੂੰ ਚੌਵਿਨ ਦੀ ਕੈਦ ਦੀ ਸਜ਼ਾ ਦਾ ਹੁੰਗਾਰਾ ਭਰਦਿਆਂ ਇਸਨੂੰ ਇੱਕ ਢੁੱਕਵੀਂ ਸਜਾ ਦੱਸਿਆ।