ਚੰਡੀਗੜ੍ਹ, 14 ਮਈ 2021 – ਪੰਜਾਬ ਸਰਕਾਰ ਸ਼ੁੱਕਰਵਾਰ (14 ਮਈ) ਤੋਂ ਸਹਿ-ਰੋਗਾਂ ਤੋਂ ਪੀੜਤ 18-44 ਉਮਰ ਦੇ ਵਿਅਕਤੀਆਂ ਅਤੇ ਸਰਕਾਰੀ ਤੇ ਪ੍ਰਾਈਵੇਟ ਸੈਕਟਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਕਰਨ ਜਾ ਰਹੀ ਹੈ।
ਇਹ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮੁਹਿੰਮ ਲਈ ਸੂਬੇ ਭਰ ਵਿੱਚ 157 ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ।
ਸ. ਸਿੱਧੂ ਨੇ ਕਿਹਾ ਕਿ ਇਸ ਮੁਹਿੰਮ ਤਹਿਤ 22 ਸਹਿ-ਰੋਗਾਂ ਦੀ ਸੂਚੀ ਵਿਚੋਂ ਇਕ ਜਾਂ ਜ਼ਿਆਦਾ ਸਹਿ-ਰੋਗ ਵਾਲੇ 18-44 ਸਾਲ ਉਮਰ ਵਰਗ ਲੋਕਾਂ ਨੂੰ ਟੀਕੇ ਲਗਵਾਏ ਜਾਣਗੇ। ਇਨ੍ਹਾਂ ਵਿਸ਼ੇਸ਼ ਸਹਿ-ਰੋਗਾਂ ਤੋਂ ਪੀੜਤ ਕੋਈ ਵੀ ਵਿਅਕਤੀ ਵੈਧ ਆਈ.ਡੀ. ਪ੍ਰਮਾਣ ਅਤੇ ਡਾਕਟਰ ਦੀ ਪਰਚੀ / ਸਰਟੀਫਿਕੇਟ ਨਾਲ ਨਜ਼ਦੀਕੀ ਟੀਕਾਕਰਣ ਕੇਂਦਰ ਜਾ ਕੇ ਕੋਵਿਡ ਦਾ ਟੀਕਾ ਲਗਵਾ ਸਕਦਾ ਹੈ।
ਇਸ ਤੋਂ ਇਲਾਵਾ ਹੈਲਥ ਕੇਅਰ ਵਰਕਰਾਂ ਦੇ ਪਰਿਵਾਰਕ ਮੈਂਬਰ ਵੀ ਟੀਕਾ ਲਗਵਾਉਣ ਲਈ ਇਹਨਾਂ ਕੇਂਦਰਾਂ ‘ਤੇ ਜਾ ਸਕਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ 18-44 ਸਾਲ ਉਮਰ ਵਰਗ ਲਈ ਟੀਕਾਕਰਨ ਪੜਾਅਵਾਰ ਢੰਗ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਕਮਜ਼ੋਰ ਅਤੇ ਵਧੇਰੇ ਜੋਖਮ ਵਾਲੇ ਵਰਗਾਂ ਨੂੰ ਪਹਿਲ ਦੇ ਆਧਾਰ ‘ਤੇ ਕਵਰ ਕੀਤਾ ਜਾ ਰਿਹਾ ਹੈ। ਇਸ ਉਮਰ ਵਰਗ ਦੇ ਸਾਰੇ ਯੋਗ ਵਿਅਕਤੀਆਂ ਨੂੰ ਜਲਦ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਤੱਕ 41,33,561 ਵਿਅਕਤੀਆਂ ਨੂੰ ਕੋਵਿਡ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਕੁੱਲ 34,40,356 ਲੋਕਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਜਦੋਂ ਕਿ 6,93,205 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਸੂਬੇ ਨੂੰ ਹੁਣ ਤੱਕ 43,07,640 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ ਸੂਬੇ ਵੱਲੋਂ 1 ਲੱਖ ਖੁਰਾਕਾਂ ਇਸ ਉਮਰ ਵਰਗ ਲਈ ਖੁਦ ਖਰੀਦੀਆਂ ਗਈਆਂ ਹਨ।
ਸਿੱਧੂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਕੋਵਿਡ ਦਾ ਟੀਕਾ ਲਗਵਾਉਣ ਅਤੇ ਕੋਵਿਡ ਸਬੰਧੀ ਢੁੱਕਵੇਂ ਵਿਵਹਾਰਾਂ ਦੀ ਪਾਲਣਾ ਕਰਨ ਕਿਉਂਕਿ ਇਹ ਮਹਾਂਮਾਰੀ ਨਾਲ ਨਜਿੱਠਣ ਦਾ ਇਕੋ-ਇਕ ਸਾਧਨ ਹਨ।