ਨਵੀਂ ਦਿੱਲੀ, 6 ਜੂਨ 2021 – G-7 ਦੇਸ਼ਾਂ ਜਿਵੇਂ ਕੇ ਇੰਗਲੈਂਡ, ਅਮਰੀਕਾ, ਕੈਨੇਡਾ, ਫ਼ਰਾਂਸ, ਜਰਮਨੀ, ਇਟਲੀ ਤੇ ਜਾਪਾਨ ਨੇ ਗੂਗਲ, ਫ਼ੇਸਬੁੱਕ, ਐਪਲ ਤੇ ਐਮੇਜ਼ੌਨ ਜਿਹੀਆਂ ਬਹੁਰਾਸ਼ਟਰੀ ਤਕਨੀਕੀ ਕੰਪਨੀਆਂ ਉੱਤੇ ਵਧੇਰੇ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਹੈ। G-7 ਦੇਸ਼ਾਂ ਨੇ ਇਨ੍ਹਾਂ ਕੰਪਨੀਆਂ ਉੱਤੇ 15 ਫ਼ੀਸਦੀ ਤੱਕ ਟੈਕਸ ਲਾਉਣ ਲਈ ਸਮਝੌਤੇ ਉੱਤੇ ਹਸਤਾਖਰ ਵੀ ਕਰ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਜੀ-7 ਸਮੂਹ ਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਲੰਦਨ ’ਚ ਬੈਠਕਾਂ ਦੇ ਦੂਜੇ ਤੇ ਆਖ਼ਰੀ ਦਿਨ ਇਸ ਸਮਝੌਤੇ ਉੱਤੇ ਹਸਤਾਖਰ ਕੀਤੇ। ਇਸ ਮੌਕੇ ਇੰਗਲੈਂਡ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਕਈ ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਜੀ-7 ਦੇ ਵਿੱਤ ਮੰਤਰੀਆਂ ਨੇ ਅੱਜ ਵਿਸ਼ਵ ਟੈਕਸ ਪ੍ਰਣਾਲੀ ਵਿੱਚ ਸੁਧਾਰ ਲਈ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਸਹੀ ਕੰਪਨੀਆਂ ਸਹੀ ਸਥਾਨ ਉੱਤੇ ਸਹੀ ਟੈਕਸ ਦਾ ਭੁਗਤਾਨ ਕਰਨ।