- ਪਾਕਿਸਤਾਨ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਦੀ ਇਮਾਰਤ ਦਾ ਮਾਮਲਾ
ਅੰਮ੍ਰਿਤਸਰ, 15 ਜੂਨ 2021 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਚੱਕ ਫ਼ਤਿਹ ਭਿੰਡਰ ’ਚ ਮੌਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਬਣੇ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਦੀ ਇਮਾਰਤ ਦੀ ਤੁਰੰਤ ਰਿਪੇਅਰ ਕਰਵਾ ਕੇ ਇਸ ਦੇ ਰੱਖ-ਰਖਾਅ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਖਬਾਰੀ ਮਧਿਅਮ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਗੁਰਦੁਆਰਾ ਨਾਨਕਸਰ ਸਾਹਿਬ ਦੀ ਇਮਾਰਤ ਦੀਆਂ ਅੰਦਰ ਦੀਆਂ ਛੱਤਾਂ ਢਹਿ ਰਹੀਆਂ ਹਨ, ਜਿਸ ਨੂੰ ਤੁਰੰਤ ਰਿਪੇਅਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਕੌਮਾਂ ਲਈ ਜਿੰਦ-ਜਾਨ ਤੇ ਹੱਕ-ਸੱਚ ’ਤੇ ਚੱਲਣ ਲਈ ਮਾਰਗ ਦਰਸ਼ਨ ਹੁੰਦੇ ਹਨ।
ਗੁਰੂ ਸਾਹਿਬਾਨ ਨਾਲ ਸਬੰਧਤ ਅਸਥਾਨਾਂ ਪ੍ਰਤੀ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਇਨ੍ਹਾਂ ਇਮਾਰਤਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਨੂੰ ਸਿੱਖ ਗੁਰਧਾਮ ਦੀ ਮੁਰੰਮਤ ਜਾਂ ਨਵ-ਉਸਾਰੀ ਕਰਨ ਵਿਚ ਕੋਈ ਮੁਸ਼ਕਿਲ ਹੈ ਤਾਂ ਇਸ ਗੁਰੂ ਘਰ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਇਸ ਅਸਥਾਨ ਦੀ ਸੇਵਾ ਕਰਵਾਉਣ ਲਈ ਤਿਆਰ ਹੈ।