…ਸਿਹਤ ਮੁਲਾਜਮਾਂ ਪ੍ਰਤੀ ਆਪਣੇ ਰਵੱਈਏ ਲਈ ਮੁਆਫੀ ਮੰਗਣ ਬਲਵੀਰ ਸਿੱਧੂ- ਸਰਬਜੀਤ ਕੌਰ ਮਾਣੂੰਕੇ
… ਐਨ.ਐਚ. ਐਮ ਮੁਲਾਜਮਾਂ ਨੂੰ ਸਿਹਤ ਵਿਭਾਗ ਅਧੀਨ ਅਸਾਮੀਆਂ ‘ਤੇ ਪਹਿਲ ਦੇ ਆਧਾਰ ‘ਤੇ ਭਰਤੀ ਕੀਤਾ ਜਾਵੇ
ਚੰਡੀਗੜ੍ਹ, 11 ਮਈ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਵੱਲੋਂ ਰਾਸਟਰੀ ਸਿਹਤ ਮਿਸਨ (ਐਨ.ਐਚ. ਐਮ) ਦੇ ਹੜਤਾਲੀ ਮੁਲਾਜਮਾਂ ਨੂੰ ਨੌਕਰੀ ਤੋਂ ਹਟਾਉਣ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤਾਨਾਸਾਹੀ ਰਵਈਆ ਅਪਣਾ ਕੇ ਮੁਲਾਜਮਾਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲ ਰਹੇ ਹਨ।
ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਆਪ ਦੀ ਵਿਧਾਇਕਾ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ ਸਮੇਤ ਹੋਰ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਭਾਰਤੀ ਸੰਵਿਧਾਨ ਦੇ ਹੱਕ ਹਕੂਕ ਪ੍ਰਾਪਤ ਹਨ ਕਿ ਉਹ ਆਪਣੀਆਂ ਮੰਗਾਂ ਲਈ ਹੜਤਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਸਟਰੀ ਸਿਹਤ ਮਿਸਨ ਦੇ ਮੁਲਾਜਮਾਂ ਨੇ ਆਪਣੇ ਸੰਵਿਧਾਨਕ ਹੱਕ ਤਹਿਤ ਹੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਹੜਤਾਲ ਕੀਤੀ ਸੀ।
ਬੀਬਾ ਮਾਣੂੰਕੇ ਨੇ ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ‘ਤੇ ਸਰਕਾਰੀ ਅਦਾਰਿਆਂ ਵਿੱਚ ਕੁੱਚੇ ਜਾਂ ਠੇਕਾ ਅਧਾਰਤ ਕੰਮ ਕਰਦੇ ਸਾਰੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਅੱਜ ਜਦੋਂ ਰਾਸਟਰੀ ਸਿਹਤ ਮਿਸਨ ਦੇ ਮੁਲਾਜਮ ਪੱਕੇ ਕਰਨ ਅਤੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੀ ਮੰਗ ਕਰ ਰਹੇ ਹਨ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਨਾਸਾਹੀ ਰਵਈਆ ਅਪਣਾ ਲਿਆ ਹੈ। ਉਨ੍ਹਾਂ ਕਿਹਾ ਕਿ ਰਾਸਟਰੀ ਸਿਹਤ ਮਿਸਨ ਦੇ ਮੁਲਾਜਮਾਂ ਨੇ ਪਿਛਲੇ ਸਾਲ ਤੋਂ ਸੁਰੂ ਹੋਈ ਕੋਰੋਨਾ ਮਹਾਮਾਰੀ ਦੌਰਾਨ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ ਹਨ ਅਤੇ ਹੁਣ ਵੀ ਇਹ ਮੁਲਾਜਮ ਆਪਣੀ ਡਿਊਟੀ ਨਿਭਾ ਰਹੇ ਹਨ।
ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਨੇ ਰਾਸਟਰੀ ਸਿਹਤ ਮਿਸਨ ਦੇ ਮੁਲਾਜਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ ਹਮੇਸਾਂ ਮੁਲਾਜਮਾਂ ਨੂੰ ਧਮਕੀਆਂ ਹੀ ਦਿੱਤੀਆਂ ਹਨ। ਚੰਗਾ ਹੁੰਦਾ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਇਨ੍ਹਾਂ ਮੁਲਾਜਮਾਂ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਹੜਤਾਲ ਖਤਮ ਕਰਾਉਂਦੇ ਅਤੇ ਕੋਰੋਨਾ ਪੀੜਤਾਂ ਦੇ ਇਲਾਜ ‘ਚ ਇਨ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕਰਦੇ।
ਵਿਧਾਇਕਾ ਮਾਣੂੰਕੇ ਨੇ ਕਿਹਾ ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਚਾਰ ਸਾਲ ਤੋਂ ਜਅਿਾਦਾ ਦਾ ਸਮਾਂ ਬੀਤ ਗਿਆ, ਪਰ ਕੈਪਟਨ ਸਰਕਾਰ ਨੇ ਨਾ ਤਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਅਤੇ ਨਾ ਹੀ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ। ਸਗੋਂ ਕੈਪਟਨ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿੱਚ ਕੱਚੇ ਜਾਂ ਠੇਕਾ ਆਧਾਰਤ ਕੰਮ ਕਰਦੇ ਮੁਲਾਜਮਾਂ ਨੂੰ ਨੌਕਰੀਆਂ ਤੋਂ ਹਟਾ ਕੇ ਬੇਰੁਜਗਾਰ ਕਰ ਦਿੱਤਾ ਹੈ।
ਬੀਬਾ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਸਟਰੀ ਸਿਹਤ ਮਿਸਨ ਦੇ ਮੁਲਾਜਮਾਂ ਨੇ ਨਾਲ ਹੈ ਅਤੇ ਕੈਪਟਨ ਸਰਕਾਰ ਦੇ ਮੁਲਾਜਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨਾਦਰਸਾਹੀ ਫੈਸਲੇ ਦੀ ਸਖਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਸਿਹਤ ਵਿਭਾਗ ਵਿੱਚ ਡਾਕਟਰਾਂ, ਨਰਸਾਂ ਤੇ ਪੈਰਾ ਮੈਡਕੀਲ ਸਟਾਫ ਦੀ ਭਰਤੀ ਲਈ ਪੱਤਰ ਜਾਰੀ ਕਰ ਰਹੀ ਹੈ, ਦੂਜੇ ਪਾਸੇ ਨੌਕਰੀ ਕਰਦੇ ਮੁਲਾਜਮਾਂ ਨੂੰ ਹਟਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਰਾਸਟਰੀ ਸਿਹਤ ਮਿਸਨ ਦੇ ਮੁਲਾਜਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨਾਦਰਸਾਹੀ ਫੁਰਮਾਨ ਵਾਪਸ ਲੈਣ ਅਤੇ ਉਨ੍ਹਾਂ ਮੁਲਾਜਮਾਂ ਨੂੰ ਸਿਹਤ ਵਿਭਾਗ ਅਧੀਨ ਅਸਾਮੀਆਂ ‘ਤੇ ਪਹਿਲ ਦੇ ਆਧਾਰ ‘ਤੇ ਭਰਤੀ ਕੀਤਾ ਜਾਵੇ।