ਫਿਰੋਜ਼ਪੁਰ 1 ਮਈ 2021 – ਫਿਰੋਜ਼ਪੁਰ ਵਿੱਚ ਇੱਕ ਦਾਦੀ ‘ਤੇ ਆਪਣੇ ਦੋ ਮਹੀਨੇ ਦੇ ਪੋਤੇ ਨੂੰ ਬੈਡ ਉਪਰੋਂ ਸੁੱਟ ਕੇ ਜਾਨੋਂ ਮਾਰਨ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਨਾਨੀ ਨੀਲੂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਪਿੰਡ ਜਖਲਾਵਾਂ ਨੇ ਉਨ੍ਹਾਂ ਦੀ ਲੜਕੀ ਸੰਜਨਾ ਨੂੰ ਘਰੋਂ ਭਜਾ ਕੇ ਵਿਆਹ ਕਰਵਾਇਆ ਸੀ। ਲਵ ਮੈਰਿਜ ਦੇ ਕਾਰਨ ਸਹੁਰਾ ਪਰਿਵਾਰ ਨੂੰਹ ਨਾਲ ਭੇਦਭਾਵ ਰੱਖਦਾ ਸੀ। ਜਿਸ ਕਾਰਨ ਲੜਕੀ ਦਾ ਸਹੁਰਾ ਪਰਿਵਾਰ ਅਕਸਰ ਹੀ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ।
ਬੱਚੇ ਦੀ ਨਾਨੀ ਨੇ ਇਲਜ਼ਾਮ ਲਾਏ ਕਿ ਸਹੁਰਾ ਪਰਿਵਾਰ ਵੱਲੋਂ ਕਈ ਵਾਰ ਉਹਨਾਂ ਦੀ ਧੀ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਇੱਕ ਵਾਰ ਤਾਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਲੜਕੀ ਦੇ ਪੇਟ ਵਿੱਚ ਲੱਤਾਂ ਮਾਰਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਛੇ ਮਹੀਨੇ ਤੱਕ ਉਨ੍ਹਾਂ ਕੋਲ ਰਹੀ ਅਤੇ ਬੱਚਾ ਪੈਦਾ ਹੋਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਚਲੀ ਗਈ। ਪਰ ਉਥੇ ਵੀ ਸਹੁਰਾ ਪਰਿਵਾਰ ਨੇ ਉਸਦਾ ਖਹਿੜਾ ਨਹੀਂ ਛੱਡਿਆ। ਜਿਸ ਦੇ ਚਲਦਿਆਂ ਬੀਤੇ ਦਿਨ ਝਗੜੇ ਦੌਰਾਨ ਲੜਕੀ ਦੀ ਸੱਸ ਸੁਖਚੈਨ ਕੌਰ ਨੇ ਬੱਚੇ ਨੂੰ ਬੈਡ ਉਪਰ ਸੁੱਟ ਦਿੱਤਾ। ਜਿਸ ਤੋਂ ਬਾਅਦ ਬੱਚਾ ਬੜੀ ਤਕਲੀਫ ਵਿੱਚ ਸੀ। ਜਿਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਪਰ ਉਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਦੂਸਰੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀ ਦੇ ਸਹੁਰਾ ਪਰਿਵਾਰ ਦੀ ਭਾਲ ਜਾਰੀ ਜੋ ਘਰ ਤੋਂ ਫਰਾਰ ਹਨ। ਜਿਨ੍ਹਾਂ ਜਲਦ ਗਿਰਫਤਾਰ ਕਰ ਲਿਆ ਜਾਵੇਗਾ।