- ਸਤੇਂਦਰ ਜੈਨ ਨੇ ਪਹਿਲਕਦਮੀ ਲਈ ਦਿੱਲੀ ਗੁਰਦੁਆਰਾ ਕਮੇਟੀ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 11 ਮਈ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕਰ ਦਿੱਤਾ।
ਇਸ ਮੌਕੇ ਸੈਂਟਰ ਦੀ ਸ਼ੁਰੂਆਤ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਤੇਂਦਰ ਜੈਨ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ 400 ਬੈਡਾਂ ਵਾਲੇ ਕੋਰੋਨਾ ਕੇਅਰ ਸੈਂਟਰ ਨੁੰ ਸ਼ੁਰੂ ਕਰ ਦਿੱਤਾ ਹੈ ਅਤੇ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਨੂੰ ਪੂਰਾ ਸਹਿਯੋਗ ਦੇਵੇਗੀ।

ਉਹਨਾਂ ਨੇ ਇਸ ਪਹਿਲਕਦਮੀ ਲਈ ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਅਤੇ ਇਹ ਵੀ ਦੱਸਿਆ ਕਿ ਸੈਂਟਰ ਨੂੰ ਐਲ ਐਨ ਜੇ ਪੀ ਹਸਪਤਾਲ ਨਾਲ ਜੋੜਿਆ ਗਿਆ ਹੈ ਤਾਂ ਜੋ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੋਣ ‘ਤੇ ਉਸਨੁੰ ਉਥੇ ਸ਼ਿਫਟ ਕੀਤਾ ਜਾਵੇਗਾ ਤੇ ਆਈ ਸੀ ਯੂ ਵਿਚ ਇਲਾਜ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸੈਂਟਰ ਦਾ ਸਾਰਾ ਬੁਨਿਆਦੀ ਢਾਂਚਾ ਦਿੱਲੀ ਗੁਰਦੁਆਰਾ ਕਮੇਟੀ ਨੇ ਤਿਆਰ ਕੀਤਾ ਹੈ ਜਦਕਿ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਦਿੱਲੀ ਸਰਕਾਰ ਨੇ ਮੁਹੱਈਆ ਕਰਵਾਇਆ ਹੈ।
ਇਕ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਦਿੱਲੀ ਵਿਚ ਹੁਣ ਹਾਲਾਤ ਤੇਜ਼ ਰਫਤਾਰ ਨਾਲ ਠੀਕ ਹੋ ਰਹੇ ਹਨ ਅਤੇ ਰੋਜ਼ਾਨਾ ਕੇਸਾਂ ਦੀ ਗਿਣਤੀ 28 ਹਜ਼ਾਰ ਤੋਂ ਘੱਟ ਕੇ ਅੱਧੀ 13000 ਰਹਿ ਗਈ ਹੈ। ਉਹਨਾਂ ਕਿਹਾ ਕਿ ਹਰ ਕੋਈ ਦੂਜੀ ਲਹਿਰ ਬਾਰੇ ਅਣਜਾਣ ਸੀ ਪਰ ਹੁਣ ਸਥਿਤੀ ਦੇ ਟਾਕਰੇ ਲਈ ਅਸੀਂ ਤਿਆਰ ਹਾਂ। ਉਹਨਾਂ ਦੱਸਿਆ ਕਿ ਵੈਕਸੀਨ ਮੁਹਿੰਮ ਵੀ ਪੂਰੇ ਜ਼ੋਰਾਂ ਨਾਲ ਚਲ ਰਹੀ ਹੈ ਤੇ ਦਿੱਲੀ ਕੋਲ 3 ਤੋਂ 4 ਦਿਨ ਦਾ ਸਟਾਕ ਹੈ।
ਇਸ ਮੌਕੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸਹਿਯੋਗ ਦੇਣ ਅਤੇ ਸੈਂਟਰ ਲਈ ਮੈਡੀਕਲ ਸਟਾਫ ਪ੍ਰਦਾਨ ਕਰਨ ‘ਤੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੇਂਦਰ ਵਿਚ ਮਰੀਜ਼ਾਂ ਨੂੰ ਆਕਸੀਜ਼ਨ ਤੋਂ ਇਲਾਵਾ ਦਵਾਈਆਂ ਤੇ ਖਾਣਾ ਦਿੱਤਾ ਜਾਵੇਗਾ ਤੇ ਸਭ ਸੇਵਾ ਮੁਫਤ ਹੋਵੇਗੀ।
ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੇ ਠਹਿਰਣ ਲਈ ਢੁਕਵੇਂ ਪ੍ਰਬੰਧ ਕੀਤੇ ਹਨ।
