ਅੰਮ੍ਰਿਤਸਰ, 24 ਅਪ੍ਰੈਲ 2021 – ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਛੇ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਘਾਟ ਹੋਣ ਕਾਰਨ ਦੇਰ ਰਾਤੀਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਮਰੀਜ਼ਾ ‘ਚ 5 ਮਰੀਜ਼ ਕੋਰੋਨਾ ਪੀੜਤ ਸੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਨੂੰ ਆਕਸੀਜਨ ਨਹੀਂ ਮਿਲ ਰਹੀ।
ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮਾਲਕ ਸੁਨੀਲ ਦੇਵਗਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਕਸੀਜਨ ਦੀ ਸ਼ਹਿਰ ਵਿੱਚ ਕਿੱਲਤ ਚੱਲ ਰਹੀ ਹੈ ਅਤੇ ਇਸ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇੱਕ ਡੈਲੀਗੇਸ਼ਨ ਵੱਲੋਂ ਬੀਤੇ ਕੱਲ੍ਹ ਡੀਸੀ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਡੀ ਸੀ ਨੂੰ ਜਲਦ ਇਸ ਵਾਸਤੇ ਕੋਈ ਕਦਮ ਚੁੱਕਣ ਲਈ ਕਿਹਾ ਗਿਆ ਸੀ।
ਸੁਨੀਲ ਦੇਵਗਨ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੈ। ਇਸ ਲਈ ਉਹ ਕੋਈ ਵੀ ਕਰੋਨਾ ਮਰੀਜ਼ ਦਾਖਲ ਨਹੀਂ ਕਰ ਰਹੇ ਹਨ। ਪਰ ਮਰੀਜ਼ਾਂ ਦੇ ਵਾਰ ਵਾਰ ਕਹਿਣ ਤੇ ਉਹ ਉਨ੍ਹਾਂ ਤੋਂ ਇਕ ਪੇਪਰ ਸਾਈਨ ਕਰਵਾ ਲੈਂਦੇ ਹਨ। ਜਿਸ ਤੇ ਲਿਖਿਆ ਹੈ ਕਿ ਆਕਸੀਜਨ ਦੀ ਕਮੀ ਦੇ ਚਲਦਿਆਂ ਅਗਰ ਮਰੀਜ਼ ਦੀ ਮੌਤ ਹੋਈ ਤਾਂ ਹਸਪਤਾਲ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।