ਨਵਾਂਸ਼ਹਿਰ, 17 ਅਪ੍ਰੈਲ 2024: ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਗਰਮੀ ਦੇ ਮੌਸਮ ਵਿੱਚ ਲਗਾਤਾਰ ਵਧ ਰਹੇ ਤਾਪਮਾਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋੰ ਆਮ ਲੋਕਾਂ ਨੂੰ ਬਚਾਉਣ ਲਈ ਕਮਰਕੱਸ ਲਈ ਹੈ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ
ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸੰਭਾਵੀ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕਰ ਲਏ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ।
ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਵਾਲੇ ਮਰੀਜ਼ਾਂ ਲਈ ਬੈੱਡ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ, ਮੈਡੀਕਲ ਅਫਸਰਾਂ ਦੀ ਅਜਿਹੇ ਕੇਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਸਮਰੱਥਾ ਨਿਰਮਾਣ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰੀ ਹਸਪਤਾਲਾਂ ਵਿੱਚ ਢੁੱਕਵੀਂ ਮਾਤਰਾ ਵਿੱਚ ਓ.ਆਰ.ਐਸ. ਪੈਕੇਟ ਦੀ ਸਪਲਾਈ ਸਮੇਤ ਲੋੜੀਂਦੀਆਂ ਦਵਾਈਆਂ ਉਪਲੱਬਧ ਹਨ। ਉਨ੍ਹਾਂ ਕਿਹਾ, “ਗਰਮੀ
ਨਾਲ ਸਬੰਧਤ ਬਿਮਾਰੀਆਂ ਦੇ ਬਿਹਤਰ ਪ੍ਰਬੰਧਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨਿਰੰਤਰ ਯਤਨ ਜ਼ਰੂਰੀ ਹਨ, ਕਿਉਂਕਿ ਢੁੱਕਵੇਂ ਕਦਮ ਪ੍ਰਭਾਵਸ਼ਾਲੀ ਪ੍ਰਬੰਧਨ ਵੱਲ ਲੈ ਜਾਂਦੇ ਹਨ।
ਉਨ੍ਹਾਂ ਕਿਹਾ, “ਸਾਵਧਾਨੀਆਂ ਤੇ ਉਪਾਵਾਂ ਬਾਰੇ ਲੋਕਾਂ ਵਿੱਚ ਸਮੇਂ ਸਿਰ ਅਤੇ ਵਿਆਪਕ ਜਾਗਰੂਕਤਾ ਅਜਿਹੀ ਗਰਮੀ ਦੇ ਗੰਭੀਰ ਪ੍ਰਭਾਵ ਨੂੰ ਘਟਾਉਣ ਵਿੱਚ ਬਹੁਤ ਸਹਾਇਤਾ ਕਰੇਗੀ।
ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ ਨੇ ਦੱਸਿਆ ਕਿ ਲਗਾਤਾਰ ਵੱਧ ਰਿਹਾ ਤਾਪਮਾਨ ਸਰੀਰ ਦੀ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਗਰਮੀ ਨਾਲ ਸੰਬਧਿਤ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਲੋਕਾਂ, ਬਿਰਧਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਵਧੇਰੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ਵਿੱਚ ਨਾ ਨਿਕਲਿਆ ਜਾਵੇ, ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਜਾਣ ਸਮੇਂ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛੱਤਰੀ, ਟੋਪੀ, ਤੋਲੀਏ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਉਨ੍ਹਾਂ ਕਿਹਾ ਕਿ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਹੌਲੀ ਹੌਲੀ ਸ਼ੁਰੂ ਕਰੋ ਅਤੇ ਹੌਲੀ ਹੌਲੀ ਵਧਾਓ ਤਾਂ ਕਿ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੋਵੇ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ, ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਤਲੇ, ਬਾਹਰਲੇ ਅਤੇ ਬਾਸੀ ਖਾਣੇ ਤੋਂ ਪ੍ਰਹੇਜ ਕੀਤਾ ਜਾਵੇ।
ਡਾ ਰਾਕੇਸ਼ ਪਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਲੋੜੀਂਦੀਆਂ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਗਰਮੀ ਲੱਗਣ ਦੇ ਖ਼ਦਸ਼ਿਆਂ ਦੇ ਚੱਲਦਿਆਂ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਵਿਅਕਤੀ ਨੂੰ ਜਿੰਨੀ ਜਲਦੀ ਹੋ ਸਕੇ, ਨੇੜਲੇ ਹਸਪਤਾਲ ਲਿਜਾ ਕੇ ਮਾਹਰ ਡਾਕਟਰਾਂ ਕੋਲੋਂ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ।